ਪੰਜਾਬ ’ਚ ਇੱਕ ਪਾਸੇ ਗਰਮੀ ਕਹਿਰ ਬਰਪਾ ਰਹੀ ਹੈ ਤੇ ਦੂਜੇ ਪਾਸੇ ਨਸ਼ੇ ਦਾ ਛੇਵਾਂ ਦਰਿਆ ਉਫਾਨ ’ਤੇ ਹੈ। ਜਿਸ ਨੇ ਇੱਕ ਹੋਰ 24 ਸਾਲਾਂ ਨੌਜਵਾਨ ਦੀ ਜਾਨ ਲੈ ਲਈ। ਫਰੀਦਕੋਟ ਦੇ ਨਾਨਕਸਰ ਬਸਤੀ ਦੀ ਇੱਕ 24 ਸਾਲਾਂ ਨੌਜਵਾਨ ਨਸ਼ੇ ਦੇ ਦੈਂਤ ਦਾ ਸ਼ਿਕਾਰ ਹੋਇਆ ਜੋ ਕਿ ਕਣਕ ਦੇ ਗੋਦਾਮਾਂ ’ਚ ਦਿਹਾੜੀ ਕਰਦਾ ਸੀ। ਨੌਜਵਾਨ ਦਾ ਨਾਮ ਗੱਬਰ ਸਿੰਘ ਸੀ ਜਿਸ ਦੀ ਮੌਤ ਦੇਰ ਸ਼ਾਮ ਨਸ਼ੇ ਦੀ ਓਵਰ ਡੋਜ਼ ਹੋਣ ਕਾਰਨ ਹੋਈ। ਫਿਲਹਾਲ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਨਿੱਕੇ ਬੱਚੇ ਛੱਡ ਗਿਆ ਹੈ।
ਇਸ ਦੇ ਨਾਲ ਹੀ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਨਸ਼ੇ ਨੂੰ ਲੈ ਕੇ ਪ੍ਰਸ਼ਾਸਨ ਵਿਰੁੱਧ ਢਿੱਲੀ ਕਾਰਗੁਜ਼ਾਰੀ ਦੇ ਇਲਜ਼ਾਮ ਲਗਾਏ ਹਨ। ਜਾਣਕਾਰੀ ਮੁਤਾਬਕ ਨੌਜਵਾਨ ਗੱਬਰ ਸਿੰਘ ਨਸ਼ੇ ਦਾ ਭੈੜੀ ਲੱਤ ਦਾ ਸ਼ਿਕਾਰ ਸੀ। ਸੂਚਨਾ ਮਿਲੀ ਕਿ ਗੱਬਰ ਗੋਦਾਮ ’ਚ ਬੇਹੋਸ਼ ਪਿਆ ਹੈ। ਇਸ ਤੋਂ ਬਾਅਦ ਉਸਦੇ ਮਾਤਾ ਪਿਤਾ ਮੌਕੇ ’ਤੇ ਪਹੁੰਚੇ ਉਸਨੂੰ ਬੇਸੁੱਧ ਦੀ ਹਾਲਤ ’ਚ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ।
ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਕੋਈ ਵੀ ਰੋਕਣ ਵਾਲਾ ਨਹੀਂ ਹੈ। ਕਈ ਵਾਰ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਕਈ ਵਾਰ ਨਸ਼ਾ ਵੇਚਣ ਵਾਲੇ ਫੜ ਕੇ ਪੁਲਿਸ ਦੇ ਹਵਾਲੇ ਕੀਤੇ। ਪਰ ਪੁਲਿਸ ਉਨ੍ਹਾਂ ਨੂੰ ਕੁਝ ਦੇਰ ਬਾਅਦ ਹੀ ਛੱਡ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਸ਼ਾ ਕਰਨ ਵਾਲੇ ਨੂੰ ਰੋਕਦੇ ਹਾਂ ਤਾਂ ਓਹ ਬੁਰਾ ਭਲਾ ਕਹਿੰਦੇ ਹਨ ਤੇ ਧਮਕੀਆਂ ਵੀ ਦਿੰਦੇ ਹਨ।