ਤਾਲੀਸੇ : ਫਿਲੀਪੀਨਜ਼ ਵਿੱਚ ਗਰਮ ਤੂਫ਼ਾਨ ‘ਟਰਾਮੀ’ ਕਾਰਨ ਆਏ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 126 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਹਨ। ਫਿਲੀਪੀਨ ਦੇ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਦਰਤੀ ਆਫਤ ਕਾਰਨ ਕਈ ਇਲਾਕਿਆਂ ‘ਚ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਲੋਕ ਉੱਥੇ ਫਸੇ ਹੋਏ ਹਨ। ਸਰਕਾਰ ਦੀ ਆਫਤ-ਪ੍ਰਤੀਕਿਰਿਆ ਏਜੰਸੀ ਨੇ ਪਹਿਲਾਂ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਉੱਤਰ-ਪੱਛਮ ਤੋਂ ਫਿਲੀਪੀਨਜ਼ ‘ਚ ਤੂਫਾਨ ‘ਟਰਾਮੀ’ ਦੇ ਟਕਰਾਉਣ ਤੋਂ ਬਾਅਦ ਘੱਟੋ-ਘੱਟ 85 ਲੋਕ ਮਾਰੇ ਗਏ ਅਤੇ 41 ਹੋਰ ਲਾਪਤਾ ਹਨ। ਇਸ ਸਾਲ ਹੁਣ ਤੱਕ ਦੱਖਣ-ਪੂਰਬੀ ਏਸ਼ੀਆਈ ਦੀਪ ਸਮੂਹ ਨੂੰ ਮਾਰਨ ਵਾਲਾ ਇਹ ਸਭ ਤੋਂ ਘਾਤਕ ਅਤੇ ਸਭ ਤੋਂ ਵਿਨਾਸ਼ਕਾਰੀ ਤੂਫਾਨ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 126 ਹੋ ਗਈ ਹੈ ਅਤੇ ਕਈ ਹੋਰ ਲੋਕ ਲਾਪਤਾ ਹਨ। ਏਜੰਸੀ ਨੇ ਕਿਹਾ ਕਿ ਤੂਫਾਨ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਪੁਲਸ, ਫਾਇਰਫਾਈਟਰਜ਼ ਅਤੇ ਹੋਰ ਐਮਰਜੈਂਸੀ ਕਰਮਚਾਰੀ ਫਿਲੀਪੀਨਜ਼ ਦੇ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਨੇ ਸ਼ਨੀਵਾਰ ਨੂੰ ਟਾਈਫੂਨ ਟ੍ਰਾਮੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮਨੀਲਾ ਦੇ ਦੱਖਣ-ਪੂਰਬ ਦੇ ਖੇਤਰ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤੂਫ਼ਾਨ ਕਾਰਨ ਅਸਾਧਾਰਨ ਤੌਰ ‘ਤੇ ਭਾਰੀ ਮੀਂਹ ਪਿਆ ਅਤੇ ਕੁਝ ਇਲਾਕੇ ਅਜਿਹੇ ਹਨ ਜਿੱਥੇ ਸਿਰਫ਼ 24 ਘੰਟਿਆਂ ‘ਚ ਇੰਨੀ ਜ਼ਿਆਦਾ ਬਾਰਿਸ਼ ਹੋਈ ਜੋ ਇਕ ਤੋਂ ਦੋ ਮਹੀਨਿਆਂ ‘ਚ ਹੋ ਜਾਂਦੀ ਹੈ। ਸਰਕਾਰੀ ਏਜੰਸੀ ਨੇ ਕਿਹਾ ਕਿ 50 ਲੱਖ ਤੋਂ ਵੱਧ ਲੋਕ ਤੂਫ਼ਾਨ ‘ਟਰਾਮੀ’ ਨਾਲ ਸਬੰਧਤ ਘਟਨਾਵਾਂ ਨਾਲ ਪ੍ਰਭਾਵਿਤ ਹੋਏ ਹਨ।