ਓਡੀਸ਼ਾ ਦੇ ਬਾਲਾਸੋਰ ਸਥਿਤ ਫਕੀਰ ਮੋਹਨ ਆਟੋਨੋਮਸ ਕਾਲਜ ਦੀ 20 ਸਾਲਾ ਵਿਦਿਆਰਥਣ ਦੀ ਸੋਮਵਾਰ ਨੂੰ ਏਮਜ਼ ਭੁਵਨੇਸ਼ਵਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਵਿਦਿਆਰਥਣ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੇ ਐੱਚਓਡੀ (HOD) ‘ਤੇ ਜਿਨਸੀ ਛੇੜਛਾੜ ਦਾ ਦੋਸ਼ ਲਗਾਇਆ ਸੀ। ਕਾਲਜ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਨਿਰਾਸ਼ ਹੋ ਕੇ ਵਿਦਿਆਰਥਣ ਨੇ ਕੈਂਪਸ ਵਿੱਚ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਜਿਸ ਵਿੱਚ ਉਹ 90 ਫੀਸਦੀ ਸੜ ਗਈ ਸੀ। ਉਸ ਨੂੰ ਪਹਿਲਾਂ ਬਾਲਾਸੋਰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਹੋਣ ਤੋਂ ਬਾਅਦ 12 ਜੁਲਾਈ ਨੂੰ ਉਸ ਨੂੰ ਏਮਜ਼ ਭੁਵਨੇਸ਼ਵਰ ਰੈਫਰ ਕਰ ਦਿੱਤਾ ਗਿਆ।
ਏਮਜ਼ ਭੁਵਨੇਸ਼ਵਰ ਨੇ ਇੱਕ ਬਿਆਨ ਵਿੱਚ ਕਿਹਾ, ”ਉਸ ਨੂੰ ਬਰਨਜ਼ ਸੈਂਟਰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਮਰੀਜ਼ ਨੂੰ IV ਤਰਲ ਪਦਾਰਥ, IV ਐਂਟੀਬਾਇਓਟਿਕਸ ਦੇ ਕੇ ਇੱਕ ਟਿਊਬ ਪਾ ਕੇ ਅਤੇ ਮਕੈਨੀਕਲ ਵੈਂਟੀਲੇਸ਼ਨ ਲਗਾ ਕੇ ਮੁੜ ਸੁਰਜੀਤ ਕੀਤਾ ਗਿਆ। ਬਰਨਜ਼ ਆਈਸੀਯੂ ਵਿੱਚ ਕਿਡਨੀ ਰਿਪਲੇਸਮੈਂਟ ਥੈਰੇਪੀ ਸਮੇਤ ਸਾਰੇ ਸੰਭਵ ਡਾਕਟਰੀ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। 14 ਜੁਲਾਈ ਨੂੰ ਰਾਤ 11:46 ਵਜੇ ਉਸ ਨੂੰ ਡਾਕਟਰੀ ਤੌਰ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।” ਉਧਰ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀ ਵਿਦਿਆਰਥਣ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਜਾਣਕਾਰੀ ਮੁਤਾਬਕ, ਜਦੋਂ ਮ੍ਰਿਤਕ ਵਿਦਿਆਰਥਣ ਦੀ ਲਾਸ਼ ਨੂੰ ਏਮਜ਼ ਪੋਸਟਮਾਰਟਮ ਸੈਂਟਰ ਲਿਜਾਇਆ ਜਾ ਰਿਹਾ ਸੀ ਤਾਂ ਬੀਜੂ ਜਨਤਾ ਦਲ (ਬੀਜੇਡੀ) ਦੇ ਵਰਕਰਾਂ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ।