ਨੈਸ਼ਨਲ : ਮੱਧ ਪ੍ਰਦੇਸ਼ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੋਂ ਦੀ ਇਕ ਜਥੇਬੰਦੀ ਵੱਲੋਂ ਕਰਵਾਏ ਗਏ ਇਕ ਸਮਾਗਮ ਦੀ ਵੀਡੀਓ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਵਾਇਰਲ ਵੀਡੀਓ ‘ਤੇ ਸਿੱਖ ਸੰਗਤਾਂ ਨੇ ਬੇਹੱਦ ਸਖਤ ਇਤਰਾਜ਼ ਜਤਾਉਂਦਿਆਂ ਜਥੇਬੰਦੀ ਅਤੇ ਵੀਡੀਓ ਵਿਚ ਦਿਖਾਈ ਦੇ ਰਹੇ ਲੋਕਾਂ ‘ਤੇ ਕਾਰਵਾਈ ਦੀ ਮੰਗ ਕੀਤੀ ਸੀ।
ਦਰਅਸਲ ਇਸ ਵੀਡੀਓ ਵਿਚ ਇਕ ਲੜਕੀ ਨੂੰ ਸਮਾਗਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਾਉਂਦੇ ਹੋਏ ਪੇਸ਼ ਕੀਤਾ ਗਿਆ ਸੀ। ਵੀਡੀਓ ਵਾਇਰਲ ਹੋਈ ਤਾਂ ਕਾਰਵਾਈ ਦੀ ਮੰਗ ਉੱਠਣ ਲੱਗੀ। ਪਰ ਹੁਣ ਇਸ ਸਭ ਵਿਚਾਲੇ ਖਬਰ ਆ ਰਹੀ ਹੈ ਕਿ ਜਿਸ ਜਥੇਬੰਦੀ ਦਾ ਇਹ ਸਮਾਗਮ ਸੀ ਉਸ ਦੇ ਸੈਕਟਰੀ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਹਾਲਾਂਕਿ ਮੌਤ ਦਾ ਕਾਰਨ ਕੀ ਰਿਹਾ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਵਾਂਗ ਰਚਾਉਣ ਵਾਲੀ ਲੜਕੀ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਹੈ।
ਜਿਸ ਦਾ ਹੁਣ ਡਾਕਟਰੀ ਇਲਾਜ ਚੱਲ ਰਿਹਾ ਦੱਸਿਆ ਜਾ ਰਿਹਾ ਹੈ। ਵਾਇਰਲ ਵੀਡੀਓ ਬਾਰੇ ਜੋ ਤੱਥ ਸਾਹਮਣੇ ਆਏ ਸਨ ਉਨ੍ਹਾਂ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦੇ ਸ਼ਹਿਡੋਲ ਸ਼ਹਿਰ ਦਾ ਦੱਸਿਆ ਜਾ ਰਿਹਾ ਸੀ। ਬੇਸ਼ੱਕ ਜਥੇਬੰਦੀ ਵੱਲੋਂ ਵੀਡੀਓ ਵਾਇਰਲ ਹੋਣ ਮਗਰੋਂ ਖਿਮਾ ਯਾਚਨਾ ਕੀਤੀ ਗਈ ਸੀ ਪਰ ਹੁਣ ਸੈਕਟਰੀ ਦੀ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਅਜੇ ਸਬੰਧਿਤ ਜਥੇਬੰਦੀ ਵੱਲੋਂ ਸੈਕਟਰੀ ਦੀ ਮੌਤ ਜਾਂ ਲੜਕੀ ਦੇ ਡਿਪ੍ਰੈਸ਼ਨ ਵਿਚ ਜਾਣ ਬਾਰੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।