ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ ਤੋਂ ਇਕ ਹੈਰਾਨ ਕਰਨ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੁਜ਼ੱਫਰਪੁਰ ਦੇ ਮਿਠਾਨਪੁਰਾ ਥਾਣਾ ਖੇਤਰ ਦੇ ਕਾਲੀਬਾੜੀ ‘ਚ ਇਕ ਦਿਨ ਪਹਿਲਾਂ ਹੋਏ ਬਜ਼ੁਰਗ ਕੌਸ਼ਲ ਕਿਸ਼ੋਰ ਗੁਪਤਾ ਦੇ ਬੇਰਹਿਮੀ ਨਾਲ ਕਤਲ ਮਾਮਲੇ ‘ਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਬਜ਼ੁਰਗ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਆਪਣੀ ਪੋਤੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ। ਇਸ ਘਟਨਾ ਵਿਚ ਸ਼ਾਮਲ ਪੋਤੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਲ ਹੀ ਕਤਲ ‘ਚ ਇਸਤੇਮਾਲ ਚਾਕੂ, ਇੱਟ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।
ਪੁਲਸ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਦਾ ਕਾਰਨ ਬਜ਼ੁਰਗ ਵਲੋਂ ਪੋਤੀ ਨਾਲ ਕੀਤੇ ਗਏ ਲਗਾਤਾਰ ਸ਼ੋਸ਼ਣ ਨੂੰ ਦੱਸਿਆ ਜਾ ਰਿਹਾ ਹੈ। ਪੁਲਸ ਮੁਤਾਬਕ ਪੋਤੀ ਦਾਦਾ ਦੇ ਬੈਡ ਟਚ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਦਾਦਾ ਨੂੰ ਰਸਤੇ ਤੋਂ ਹਟਾਉਣ ਦਾ ਪਲਾਨ ਬਣਾਇਆ ਅਤੇ ਕਤਲ ਕਰ ਦਿੱਤਾ। ਪਲਾਨ ਮੁਤਾਬਕ ਪੋਤੀ ਅਤੇ ਉਸ ਦਾ ਪ੍ਰੇਮੀ ਦੇਰ ਰਾਤ ਘਰ ਆਇਆ ਅਤੇ ਫਿਰ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਨੂੰ ਅੰਜਾਮ ਦਿੱਤੇ ਜਾਣ ਤੋਂ ਪਹਿਲਾਂ ਕੁੜੀ ਨੇ ਸੋਮਵਾਰ ਦੇਰ ਰਾਤ ਆਪਣੇ ਪਰਿਵਾਰਕ ਮੈਂਬਰਾਂ ਦੇ ਖਾਣੇ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਜਦੋਂ ਸਾਰੇ ਸੌਂ ਗਏ ਤਾਂ ਦਾਦਾ ਦੇ ਕਮਰੇ ਵਿਚ ਜਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਇਸ ਕਤਲ ਦੀ ਯੋਜਨਾ ਬਣਾਉਣ ਲਈ ਉਸ ਨੇ ਯੂ-ਟਿਊਬ ਦੀ ਮਦਦ ਲਈ ਅਤੇ ਉਸ ਤੋਂ ਹੀ ਕਤਲ ਦਾ ਤਰੀਕਾ ਸਿੱਖਿਆ।