ਦੀਨਾਨਗਰ – ਪਹਾੜਾਂ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਵੱਧ ਗਿਆ ਸੀ। ਇਸ ਦੌਰਾਨ ਬੀਤੇ ਦਿਨ ਫਿਰ 2 ਲੱਖ 70 ਕਿਊਸਿਕ ਪਾਣੀ ਰਾਵੀ ਦਰਿਆ ‘ਚ ਛੱਡਿਆ ਗਿਆ, ਜਿਸ ਕਾਰਨ ਪਾਣੀ ਪੱਧਰ ਹੋਰ ਵੀ ਵੱਧ ਗਿਆ ਹੈ।
ਜਾਣਕਾਰੀ ਮੁਤਾਬਕ ਪਾਰਲੇ ਪਾਸੇ ਵੱਸੇ 7 ਪਿੰਡਾਂ ਨੂੰ ਜਾਣ ਆਉਣ ਦੀ ਰਾਵੀ ਦਰਿਆ ਦੇ ਮਕੌੜਾ ਪੱਤਣ ‘ਤੇ ਕਿਸ਼ਤੀ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ । ਇੱਥੋਂ ਤੱਕ ਕਿ ਪਾਣੀ ਨੇੜਲੇ ਖੇਤਾਂ ‘ਚ ਵੀ ਪਹੁੰਚ ਗਿਆ ਹੈ, ਜਿਸ ਕਾਰਨ 7 ਪਿੰਡਾਂ ਦਾ ਲਿੰਕ ਟੁੱਟ ਗਿਆ ਹੈ। ਦੱਸ ਦੇਈਏ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸਕੂਲਾਂ ‘ਚ ਵਿਦਿਆਰਥੀ ਅਤੇ ਅਧਿਆਪਕ ਨਹੀਂ ਪਹੁੰਚ ਸਕੇ, ਜਿਸ ਕਾਰਨ ਅੱਜ ਇਸ ਇਕਾਲੇ ਦੇ ਸਕੂਲਾਂ ‘ਚ ਛੁੱਟੀ ਕਰਨੀ ਪਈ।
ਜ਼ਿਕਰਯੋਗ ਹੈ ਕਿ ਰਾਵੀ ਦਰਿਆ ‘ਚ ਪਾਣੀ ਵਧਣ ਸਬੰਧੀ ਜਦ ਐਸਡੀਐਮ ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਰਿਆ ਦੇ ਨੇੜਲੇ ਇਲਾਕਿਆਂ ‘ਚ ਅਲਰਟ ਕਰ ਦਿੱਤਾ ਗਿਆ ਹੈ ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਨਾਂ ਕਿਸੇ ਕੰਮਕਾਰ ਦੇ ਦਰਿਆ ਵਾਲੀ ਸਾਈਡ ਵੱਲ ਨਾ ਜਾਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ‘ਤੇ ਪਲ ਪਲ ਦੀ ਨਜ਼ਰ ਰੱਖੀ ਜਾ ਰਹੀ ਹੈ।