ਪੰਜਾਬ ਵਿਜੀਲੈਂਸ ਬਿਊਰੋ ਨੇ ਬੰਗਾ ਸਿਟੀ ਪੁਲਿਸ ਸਟੇਸ਼ਨ ਨਵਾਂਸ਼ਹਿਰ ’ਚ ਤੈਨਾਤ ਇੱਕ ਹੈੱਡ ਕਾਂਸਟੇਬਲ ਨੂੰ ਉਸ ਸਮੇਂ ਗ੍ਰਿਫ਼ਤਾਰ ਲਿਆ ਜਦੋਂ ਅਵਤਾਰ ਸਿੰਘ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਗਿਆ। ਪੰਜਾਬ ਵਿਜੀਲੈਂਸ ਦੇ ਵਿਭਾਗ ਵੱਲੋਂ ਇਹ ਕਾਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।
ਦਰਅਸਲ ਬੰਗਾ ਸ਼ਹਿਰ ਦੀ ਰੇਖਾ ਦੇਵੀ ਨੇ ਵਿਭਾਗ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਲੜਕੇ ਦੇ ਇੱਕ ਲੜਕੀ ਨਾਲ ਪ੍ਰੇਮ ਸੰਬੰਧ ਸਨ ਜਿਸਨੂੰ ਉਹ ਅਪ੍ਰੈਲ ’ਚ ਭਜਾ ਕੇ ਲੈ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ। ਰੇਖਾ ਦੇਵੀ ਨੇ ਦੱਸਿਆ ਕਿ ਲੜਕੇ ਨੂੰ ਜ਼ੇਲ ਤੋਂ ਬਾਹਰ ਕੱਢਣ ਲਈ ਹੈੱਡ ਕਾਂਸਟੇਬਲ ਅਵਤਾਰ ਸਿੰਘ ਨੇ ਦੱਸ ਹਜ਼ਾਰ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ 5500 ਰੁਪਏ ਦਿੱਤੇ ਗਏ ਸੀ, ਪਰ ਜਦੋਂ ਅੱਜ ਫਿਰ ਉਸ ਨੂੰ ਪੰਜ ਹਜ਼ਾਰ ਦਿੱਤੇ ਤਾਂ ਕਾਂਸਟੇਬਲ ਨੇ ਪੰਜ ਹਜ਼ਾਰ ਹੋਰ ਲਿਆਉਣ ਨੂੰ ਕਿਹਾ। ਰੇਖਾ ਦੇਵੀ ਨੇ ਦੱਸਿਆ ਕਿ ਅਵਤਾਰ ਸਿੰਘ ਦੀ ਪੈਸਿਆਂ ਦੀ ਮੰਗ ਲਗਾਤਾਰ ਵੱਧ ਰਹੀ ਸੀ।
ਸ਼ਿਕਾਇਤ ਦੀ ਜਾਂਚ ਉਪਰੰਤ ਵਿਭਾਗ ਦੀ ਟੀਮ ਵੱਲੋਂ ਅੱਜ ਜਾਲ ਵਿਛਾਇਆ ਗਿਆ ਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਹੈੱਡ ਕਾਂਸਟੇਬਲ ਅਵਤਾਰ ਸਿੰਘ ਨੂੰ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਫਿਲਹਾਲ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਪੁਲਿਸ ਸਟੇਸ਼ਨ ’ਚ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।