ਪੰਜਾਬ ਵਿੱਚ ਡੇਂਗੂ ਦੇ ਹਾਟ ਸਪਾਟ ਬਣੇ ਇਲਾਕਿਆ ਵਿੱਚ ਡੇਂਗੂ ਸਬੰਧੀ ਜਾਂਚ ਅਤੇ ਜਾਗਰੂਕਤਾ ਸਬੰਧੀ ਸਿਹਤ ਮਹਿਕਮੇ ਵੱਲੋ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਤਾਇਨਾਤ ਕੀਤੀਆ ਟੀਮਾਂ ਵਿੱਚੋਂ ਅੱਜ ਹੁਸ਼ਿਆਰਪੁਰ ਵਿੱਚ ਡਾ. ਸੰਦੀਪ ਭੋਲਾ ਦੀ ਰਹਿਨਮਾਈ ਹੇਠ ਇਕ ਟੀਮ ਵੱਲੋਂ ਹੁਸ਼ਿਆਰਪੁਰ ਦੇ ਸਲੱਮ ਏਰੀਆ ਭੀਮ ਨਗਰ ਸ਼ੁੰਦਰ ਨਗਰ ਤੇ ਪਿੰਡ ਘੋਗਰਾ ਨੂੰ ਚੈਕ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਹੈਲਥ ਇੰਸਪੈਕਟਰ ਸੰਜੀਨ ਠਾਕਰ, ਬਸੰਤ ਕੁਮਾਰ ਤੇ ਰਕੇਸ਼ ਕੁਮਾਰ ਆਦਿ ਹਾਜਰ ਰਹੇ।
ਇਸ ਮੌਕੇ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੇਂਗੂ ਦੇ ਕੇਸਾਂ ਨੂੰ ਵੱਧਦਾ ਦੇਖਦੇ ਹੋਏ ਪੰਜਾਬ ਵਿੱਚ ਇਕ ਮੁਹਿੰਮ ‘ਡੇਂਗੂ ’ਤੇ ਇਕ ਹੋਰ ਵਾਰ’ ਚਲਾਈ ਗਈ ਹੈ। ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਸਾਰੇ ਸਲੱਮ ਏਰੀਏ ਵਿੱਚ ਚੈਕਿੰਗ ਕੀਤੀ ਜਾ ਰਹੀ ਐ। ਇਸ ਲੜੀ ’ਚ ਅੱਗੇ ਚੱਲਦੇ ਹੋਏ ਦੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਲੱਮ ਏਰੀਏ ਦੀ ਚੈਕਿੰਗ ਕੀਤੀ ਤੇ ਤਸੱਲੀ ਪ੍ਰਗਟਾਈ ਹੈ ਕਿ ਸਾਰੀਆਂ ਟੀਮਾਂ ਬਹੁਤ ਵਧੀਆ ਤਰੀਕੇ ਤੇ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲ ਹਰ ਸ਼ੁੱਕਰਵਾਰ ਨੂੰ ਖੁਸ਼ਕ ਦਿਵਸ ਮਨਾ ਕੇ ਲੋਕਾਂ ਨੂੰ ਡੇਂਗੂ ਬਿਮਾਰੀ ਅਤੇ ਬਿਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾਦਾ ਹੈ।
ਇਸ ਦੇ ਨਾਲ ਹੀ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਅੱਜ ਕੱਲ ਦੇ ਮੌਸਮ ਵਿਚ ਨਾ ਜਿਆਦਾ ਗਰਮੀ ਤੇ ਨਾ ਹੀ ਜਿਆਦਾ ਠੰਡ ਹੈ। ਇਸ ਕਰਕੇ ਡੇਂਗੂ ਦੇ ਕੇਸ ਵੱਧ ਸਕਦੇ ਹਨ, ਇਸ ਦਾ ਪੂਰਨ ਬਚਾਅ ਜਾਗਰੂਕਤਾ ਲਾਜ਼ਮੀ ਹੈ। ਮੱਛਰ ਸਾਫ ਪਾਣੀ ਦੇ ਖੜੇ ਸੋਮਿਆ ਵਿੱਚ ਹੁੰਦਾ ਹੈ, ਇਸ ਮੱਛਰ ਦਾ ਲਾਰਵਾ 7 ਦਿਨਾਂ ਵਿੱਚ ਮੱਛਰ ਬਣ ਜਾਦਾ ਹੈ। ਇਸ ਦੀ ਕੜੀ ਤੋੜਨ ਲਈ ਵਿਭਾਗ ਵੱਲੋ ਹਰੇਕ ਸ਼ੁੱਕਰਵਾਰ ਨੂੰ ਖੁਸ਼ਕ ਦਿਵਸ ਮਨਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਆਪਣੇ ਘਰਾਂ ਵਿੱਚ ਸਾਫ ਪਾਣੀ ਦੇ ਸੋਮੇ ਜਿਵੇ ਕੂਲਰ, ਘਰ ਦੀ ਛੱਤ ’ਤੇ ਪਏ ਬੱਰਤਨ ਅਤੇ ਟੈਰਾ ਆਦਿ ਵਿੱਚ ਪਏ ਪਾਣੀ ਨੂੰ ਸਾਫ ਕੀਤਾ ਜਾਵੇ ਤਾਂ ਜੋ ਬਿਮਾਰੀ ਫੈਲਾਉਣ ਵਾਲਾ ਮੱਛਰ ਪੈਦਾ ਨਾ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮੱਛਰ ਦਿਨ ਸਮੇਂ ਕੱਟਦਾ ਹੈ ਤੇ ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜੋ ਸਰੀਰ ਨੂੰ ਪੂਰੀ ਤਰਾਂ ਢੱਕ ਕੇ ਰੱਖਣ।