ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਮੀਂਹ ਦੇ ਮੌਸਮ ਦੇ ਚੱਲਦਿਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚਣ ਲਈ ਅਤੇ ਰੋਕਥਾਮ ਲਈ ਪਹਿਲਾਂ ਹੀ ਉਪਾਅ ਸ਼ੁਰੂ ਕਰ ਦਿੱਤੇ ਹਨ। ਦਰਅਸਲ ਪੰਜਾਬ ਦੇ ਸਿਹਤ ਮੰਤਰੀ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵੀਡੀਓ ਕਾਨਫ਼ਰੰਸਿੰਗ ਰਾਹੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਨੇ ਸੂਬੇ ਵਿੱਚ ਪਾਣੀ ਅਤੇ ਜੀਵਾਣੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਦਸਤ (ਡਾਇਓਰੀਆ), ਹੈਜ਼ਾ ਅਤੇ ਹੈਪੇਟਾਈਟਸ ਅਤੇ ਹੋਰ ਜੀਵਾਣੂਆਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਆਦਿ ਤੋਂ ਬਚਣ ਲਈ ਅਤੇ ਰੋਕਥਾਮ ਲਈ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਮੀਟਿੰਗ ਵਿੱਚ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ, ਸ਼ਹਿਰੀ ਸਥਾਨਕ ਇਕਾਈਆਂ, ਜਲ ਸਪਲਾਈ, ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਅਜਿਹੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਕੈਬਨਿਟ ਮੰਤਰੀ ਨੇ ਸਮੂਹਿਕ ਜ਼ਿੰਮੇਵਾਰੀ ਦੱਸਿਆ। ਉਨ੍ਹਾਂ ਅਧਿਕਾਰੀਆਂ ਨੂੰ ਆਈ.ਐਮ.ਏ ਮੈਂਬਰਾਂ ਦੇ ਨਾਲ ਮਿਲਕੇ ਜ਼ਿਲ੍ਹਾ ਪੱਧਰੀ ਅੰਤਰ-ਵਿਭਾਗੀ ਤਾਲਮੇਲ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਇੱਕ ਵਟਸਐਪ ਗਰੁੱਪ ਬਣਾਇਆ ਜਾਣਾ ਚਾਹੀਦਾ ਹੈ, ਜਿੱਥੇ ਸਬੰਧਤ ਸਿਵਲ ਸਰਜਨ ਬੁਖਾਰ, ਦਸਤ, ਹੈਜ਼ਾ, ਡੇਂਗੂ ਜਾਂ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਕੇਸਾਂ ਬਾਬਤ ਸਬੰਧਤ ਵਿਭਾਗ ਨੂੰ ਅਪਡੇਟ ਕਰਨ ਲਈ ਪੋਸਟ ਪਾਈ ਜਾਵੇ ਤਾਂ ਜੋ ਉਸ ਵਿਸ਼ੇਸ਼ ਖੇਤਰ ’ਚ ਉਚਿਤ ਰੋਕਥਾਮ ਅਤੇ ਉਪਾਅ ਕਰਨ ਲਈ ਸਮੇਂ ਰਹਿੰਦਿਆਂ ਦਖਲ ਦਿੱਤੀ ਜਾ ਸਕੇ।
ਇਸ ਦੇ ਨਾਲ ਕੈਬਨਿਟ ਮੰਤਰੀ ਨੇ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਬਿਮਾਰੀ ਫੈਲਣ ਦੀ ਸਥਿਤੀ ਵਿੱਚ, ਸਬੰਧਤ ਜਲ ਸਪਲਾਈ ਏਜੰਸੀ ਫੌਰੀ ਤੌਰ ’ਤੇ ਜਾਂਚ ਕਰੇ ਕਿ ਪੀਣ ਵਾਲਾ ਪਾਣੀ ਕਿੱਥੇ ਤੇ ਕਿਉਂ ਪ੍ਰਦੂਸ਼ਿਤ ਹੋ ਰਿਹਾ ਹੈ। ਜਦੋਂ ਤੱਕ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ ਮਸਲਾ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬਦਲਵੇਂ ਸਰੋਤ ਤੋਂ ਕੀਤੀ ਜਾਵੇ ਤਾਂ ਜੋ ਅਜਿਹੇ ਕੇਸਾਂ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਪਿੰਡਾਂ ਵਿੱਚ ਬੰਦ ਪਏ ਆਰ.ਓ ਸਿਸਟਮਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਆਰ.ਓਜ਼ ਦੀ ਲੋੜੀਂਦੀ ਮੁਰੰਮਤ ਉਪਰੰਤ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਇਆ ਜਾ ਸਕੇ।