ਹੈਦਰਾਬਾਦ- ਦਿੱਲੀ ਦੇ ਸ਼ਰਧਾ ਵਾਕਰ ਕਤਲ ਕੇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਤਰ੍ਹਾਂ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਤੇਲੰਗਾਨਾ ਦੇ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਰੰਗਾਰੈੱਡੀ ਜ਼ਿਲ੍ਹੇ ਦੇ ਮੀਰਪੇਟ ‘ਚ ਰਹਿਣ ਵਾਲੇ ਸਾਬਕਾ ਫ਼ੌਜੀ ਗੁਰੂ ਮੂਰਤੀ ਨੇ ਆਪਣੀ ਪਤਨੀ ਵੈਂਕਟ ਮਾਧਵੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਆਪਣੀ ਪਤਨੀ ਦੀ ਲਾਸ਼ ਦੇ ਛੋਟੇ-ਛੋਟੇ ਟੋਟੇ ਕਰ ਕੇ ਪ੍ਰੈੱਸ਼ਰ ਕੁੱਕਰ ‘ਚ ਉਬਾਲ ਦਿੱਤੇ। ਸਰੀਰ ਦੇ ਅੰਗਾਂ ਨੂੰ ਚੰਦਨ ਝੀਲ ਇਲਾਕੇ ਵਿਚ ਸੁੱਟ ਦਿੱਤਾ। ਦੋਸ਼ੀ ਪਤੀ ਨੇ ਪੁਲਸ ਸਾਹਮਣੇ ਇਹ ਵੱਡਾ ਖ਼ੁਲਾਸਾ ਕੀਤਾ ਹੈ।
ਜਾਣਕਾਰੀ ਮੁਤਾਬਕ ਪੁਲਸ ਨੇ 35 ਸਾਲਾ ਵੈਂਕਟ ਕਰੀਬ ਇਕ ਹਫਤੇ ਤੋਂ ਲਾਪਤਾ ਸੀ। ਪੁਲਸ ਮੁਤਾਬਕ ਮ੍ਰਿਤਕਾ ਦੇ ਮਾਤਾ-ਪਿਤਾ ਨੇ ਇਸ ਮਹੀਨੇ ਦੀ 13 ਜਨਵਰੀ ਨੂੰ ਮੀਰਪੇਟ ਪੁਲਸ ਸਟੇਸ਼ਨ ‘ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਦੋਸ਼ੀ ਗੁਰੂਮੂਰਤੀ ਸਾਬਕਾ ਫ਼ੌਜੀ ਹੈ ਅਤੇ ਮੌਜੂਦਾ ਸਮੇਂ ਵਿਚ ਇਕ ਸੁਰੱਖਿਆ ਗਾਰਡ ਦੇ ਰੂਪ ਵਿਚ ਕੰਮ ਕਰਦਾ ਹੈ। ਪੁੱਛ-ਗਿੱਛ ਵਿਚ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਪਤਨੀ ਨਾਲ ਝਗੜਾ ਹੋਇਆ ਸੀ ਅਤੇ ਗੁੱਸੇ ਵਿਚ ਆ ਕੇ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਸਰੀਰ ਦੇ ਛੋਟੇ-ਛੋਟੇ ਟੁੱਕੜੇ ਕਰਨ ਮਗਰੋਂ ਪ੍ਰੈੱਸ਼ਰ ਕੁੱਕਰ ਵਿਚ ਉਬਾਲ ਲਿਆ ਅਤੇ ਫਿਰ ਝੀਲ ਵਿਚ ਸੁੱਟ ਆਇਆ। ਉਹ ਆਪਣੀ ਪਤਨੀ ਵੈਂਕਟ ਮਾਧਵੀ ਅਤੇ ਦੋ ਬੱਚਿਆਂ ਨਾਲ ਨਿਊ ਵੈਂਕਟੇਸ਼ਵਰ ਨਗਰ ਕਾਲੋਨੀ, ਜ਼ਿਲ੍ਹੇਲਾਗੁਡਾ ਵਿਚ ਰਹਿੰਦਾ ਸੀ। ਪੁਲਸ ਦਾ ਮੰਨਣਾ ਹੈ ਕਿ ਪਤੀ-ਪਤਨੀ ਵਿਚਾਲੇ ਝਗੜੇ ਮਗਰੋਂ ਪਤੀ ਨੇ ਇਹ ਅਪਰਾਧ ਕੀਤਾ।