ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਸ ਫਾਨੀ ਸੰਸਾਰ ਨੂੰ 26 ਦਸੰਬਰ ਨੂੰ ਅਲਵਿਦਾ ਆਖ ਗਏ ਸਨ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਦਿੱਲੀ ਵਿਖੇ ਨਿਗਮਬੋਧ ਘਾਟ ‘ਤੇ ਕੀਤਾ ਗਿਆ ਸੀ। ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੇ ਉਹਨਾਂ ਦੀ ਅੰਤਿਮ ਅਰਦਾਸ ਲਈ 1 ਜਨਵਰੀ, 2025 ਨੂੰ ਡਾ: ਸਿੰਘ ਦੇ ਨਿਵਾਸ ਸਥਾਨ ‘ਤੇ ਅਖੰਡ ਪਾਠ ਰੱਖਵਾਏ, ਜਿਹਨਾਂ ਦੇ ਅੱਜ ਕੀਰਤਨ ਤੋਂ ਬਾਅਦ ਭੋਗ ਪਾਏ ਗਏ। ਅਖੰਡ ਪਾਠ ਦੌਰਾਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਅਤੇ ਉਹਨਾਂ ਦੀ ਧੀ ਵਲੋਂ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ ਗਿਆ।
ਰਿਹਾਇਸ਼ ’ਤੇ ਕੀਤੀ ਗਈ ਅਰਦਾਸ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਾਏ ਗਏ ਭੋਗ ਵਿਚ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਕਾਂਗਰਸ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਸਮੇਤ ਕਈ ਹੋਰ ਵੱਡੇ ਸਿਆਸੀ ਆਗੂ ਪਹੁੰਚੇ, ਜਿਹਨਾਂ ਨੇ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਮਨਮੋਹਨ ਸਿੰਘ ਦਾ 26 ਦਸੰਬਰ ਨੂੰ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।