ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਰੋਹੜੂ ਥਾਣਾ ਖੇਤਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਸੋਮਵਾਰ ਦੇਰ ਰਾਤ ਸੁੰਗੜੀ-ਸਮਰਕੋਟ ਰੋਡ ‘ਤੇ ਇਕ ਕਾਰ ਡੂੰਘੀ ਖੱਡ ‘ਚ ਜਾ ਡਿੱਗੀ। ਇਸ ਦੌਰਾਨ ਕਾਰ ਸਵਾਰ 5 ਨੌਜਵਾਨਾਂ ‘ਚੋਂ 2 ਨੌਜਵਾਨ ਮੌਕੇ ’ਤੇ ਹੀ ਜਾਨ ਤੋਂ ਹੱਥ ਧੋਅ ਬੈਠੇ, ਜਦੋਂ ਕਿ ਬਾਕੀ ਤਿੰਨ ਨੌਜਵਾਨ ਗੰਭੀਰ ਫੱਟੜ ਹੋ ਗਏ। ਜਿੰਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਪੁਲਿਸ ਵੱਲੋਂ ਘਟਨਾ ਦੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੰਜ ਨੌਜਵਾਨ ਆਲਟੋ ਕਾਰ (HP54 C 8839) ਚ ਸਵਾਰ ਹੋ ਕੇ ਪਿੰਡ ਭਮਣੋਲੀ ਵਿੱਚ ਇੱਕ ਵਿਆਹ ਸਮਾਗਮ ਤੋਂ ਵੇਟਰ ਵੱਜੋਂ ਕੰਮ ਕਰਕੇ ਵਾਪਸ ਆ ਰਹੇ ਸਨ। ਇਸ ਦੌਰਾਨ ਰਾਤ ਕਰੀਬ 2 ਵਜੇ ਕਾਰ ਨੇ ਇੱਕ ਨਹਿਰ ਨੂੰ ਪਾਰ ਕੀਤਾ ਅਤੇ ਫਿਰ ਅਚਾਨਕ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਬਿਲਾਸਪੁਰ ਜ਼ਿਲ੍ਹੇ ਦੇ ਪਿੰਡ ਭੋਜਪੁਰ ਦੇ 25 ਸਾਲਾਂ ਲੱਕੀ ਸ਼ਰਮਾ ਅਤੇ ਸੋਲਨ ਜ਼ਿਲ੍ਹੇ ਦੀ ਤਹਿਸੀਲ ਅਰਕੀ ਦੇ ਪਿੰਡ ਨਵਾਂਗਾਓਂ ਦੇ 23 ਸਾਲਾਂ ਇਸ਼ਾਂਤ ਵਜੋਂ ਹੋਈ ਹੈ। ਜ਼ਖਮੀ ਨੌਜਵਾਨਾਂ ਵਿੱਚ ਸੋਲਨ ਜ਼ਿਲ੍ਹੇ ਦੀ ਤਹਿਸੀਲ ਅਰਕੀ ਦੇ ਪਿੰਡ ਮਿਰਲ ਦਾ 23 ਸਾਲਾਂ ਰਾਕੇਸ਼, ਸ਼ਿਮਲਾ ਜ਼ਿਲ੍ਹੇ ਦੀ ਤਹਿਸੀਲ ਸੁੰਨੀ ਦੇ ਪਿੰਡ ਜੇਂਡਰ ਬਸੰਤਪੁਰ ਦਾ 19 ਸਾਲਾਂ ਭਰਤ ਅਤੇ 19 ਸਾਲਾਂ ਪੰਕਜ ਪਿੰਡ ਮੋਹਾਲੀ, ਜ਼ਿਲ੍ਹਾ ਸ਼ਿਮਲਾ ਵੱਜੋਂ ਹੋਈ ਹੈ।