ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਜਿੱਥੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਤਾਂ ਉੱਥੇ ਹੀ ਯੋਜਨਾਵਾਂ ਦਾ ਫਾਇਦਾ ਲਾਭਪਾਤਰੀਆਂ ਤੱਕ ਪਹੁੰਚਾਉਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਕਿਰਤੀਆਂ ਦੀ ਰਜਿਸ਼ਟ੍ਰੇਸ਼ਨ ਲਈ ਕੈਂਪ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਕਿਰਤੀ ਕਿਸੇ ਵੀ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿ ਸਕਣ।
ਦਰਅਸਲ ਕੈਬਨਿਟ ਮੰਤਰੀ ਗਗਨ ਮਾਨ ਅੱਜ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਕਿ ਕਿਰਤੀਆਂ ਦੇ ਪੰਜੀਕਰਣ ਲਈ ਵਿਭਾਗ ਦੇ ਅਧਿਕਾਰੀ ਹਫ਼ਤੇ ਚ ਇੱਕ ਦਿਨ ਬਿਲਡਿੰਗ ਸਾਈਟ ਤੇ ਕੈਂਪ ਲਗਾਉਣ। ਉਨ੍ਹਾਂ ਹਦਾਇਤ ਕੀਤੀ ਕਿ ਉਸਾਰੀ ਕਿਰਤੀ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਸੁਖਾਲੇ ਢੰਗ ਨਾਲ ਉਸਾਰੀ ਕਿਰਤੀਆਂ ਨੂੰ ਮਿਲਣਾਂ ਯਕੀਨੀ ਬਨਾਉਣ ਲਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਸ਼ਰਤਾਂ ਵਿਚ ਸੋਧ ਕੀਤੀ ਜਾਵੇ।
ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਕਿਹਾ ਕਿ ਉਸਾਰੀ ਕਿਰਤੀ ਸੂਬੇ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ ਅਤੇ ਸਰਕਾਰ ਵਲੋਂ ਜ਼ੋ ਸਕੀਮਾਂ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਲਈ ਚਲਾਈਆਂ ਜਾ ਰਹੀ ਹਨ ਉਨ੍ਹਾਂ ਦਾ ਲਾਭ ਉਸਾਰੀ ਕਿਰਤੀਆਂ ਨੂੰ ਵੱਧ ਤੋਂ ਵੱਧ ਮਿਲਣਾ ਚਾਹੀਦਾ ਹੈ। ਪੰਜਾਬ ਰਾਜ ਵਿੱਚ ਨਿਵੇਸ਼ ਕਰਨ ਦੇ ਇਛੁੱਕ ਨਿਵੇਸ਼ਕ ਪੰਜਾਬ ਰਾਜ ਵਿੱਚ ਲੋੜੀਂਦੇ ਸਕਲਿੰਡ ਕਾਮਿਆਂ ਦੀ ਘਾਟ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਏ ਹਨ। ਇਸ ਲਈ ਸਾਨੂੰ ਪੰਜਾਬ ਰਾਜ ਦੀ ਇੰਡਸਟਰੀ ਦੀ ਜ਼ਰੂਰਤ ਅਨੁਸਾਰ ਸਕਲਿੰਡ ਕਾਮਿਆਂ ਦੀ ਜ਼ਰੂਰਤ ਸਬੰਧੀ ਡੇਟਾ ਤਿਆਰ ਕਰਨਾ ਚਾਹੀਦਾ ਹੈ।