ਮਾਛੀਵਾੜਾ ਸਾਹਿਬ ਦੇ ਪੰਸਾਰੀ ਚੌਂਕ ਨੇੜੇ ਆਪਣੇ ਮਾਪਿਆਂ ਘਰ ਆਈ ਨਵ ਵਿਆਹੁਤਾ ਲੜਕੀ ਨੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਅੰਜਲੀ ਦਾ ਸੋਸ਼ਲ ਮੀਡੀਆ ਰਾਹੀਂ ਨੌਜਵਾਨ ਸ਼ਿਵ ਕੁਮਾਰ ਦਾਸ ਨਾਲ ਪ੍ਰੇਮ ਹੋ ਗਿਆ। ਇਸ ਤੋਂ ਬਾਅਦ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਦਾ ਅਗਸਤ ਮਹੀਨੇ ’ਚ ਵਿਆਹ ਕਰਵਾ ਦਿੱਤਾ। ਵਿਆਹ ਤੋਂ ਬਾਅਦ ਲੜਕੀ ਆਪਣੇ ਪਤੀ ਨਾਲ ਤਪਾ ਵਿਖੇ ਰਹਿ ਰਹੀ ਸੀ। 8 ਅਕਤੂਬਰ ਨੂੰ ਲੜਕੀ ਆਪਣੇ ਪੇਕੇ ਘਰ ਮਾਛੀਵਾੜਾ ਵਿਖੇ ਦੁਸਹਿਰਾ ਮੇਲਾ ਦੇਖਣ ਅਤੇ ਕਰਵਾਚੌਥ ਦਾ ਤਿਉਹਾਰ ਮਨਾਉਣ ਆਈ ਸੀ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅੰਜਲੀ ਦੇ ਪਤੀ ਸ਼ਿਵ ਕੁਮਾਰ ਦਾਸ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ ਅਤੇ ਉਸ ਨੂੰ ਬਾਹਰੋਂ ਕੁੰਡਾ ਲਗਾ ਦਿੱਤਾ ਗਿਆ। ਕੁਝ ਸਮੇਂ ਬਾਅਦ ਉਸਦੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੂਜੇ ਕਮਰੇ ਵਿਚ ਅੰਜਲੀ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਉਨ੍ਹਾਂ ਦੇਖਿਆ ਕਿ ਅੰਜਲੀ ਨੇ ਛੱਤ ਦੀ ਹੁੱਕ ਨਾਲ ਗਲ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਥੱਲੇ ਉਤਾਰਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਹਾਲਾਂਕਿ ਨਵ-ਵਿਆਹੁਤਾ ਅੰਜਲੀ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾਚੌਥ ਸੀ ਜਿਸ ਦੀ ਉਹ ਬੜੇ ਚਾਵਾਂ ਦੇ ਨਾਲ ਤਿਆਰੀ ਕਰ ਰਹੀ ਸੀ। ਅੰਜਲੀ ਨੇ ਬਜ਼ਾਰ ਵਿਚ ਜਾ ਕੇ ਕਰਵਾਚੌਥ ਲਈ ਚੂੜੀਆਂ, ਮੇਕਅੱਪ ਦਾ ਸਮਾਨ ਵੀ ਖਰੀਦਿਆ ਜੋ ਕਿ ਉਸਦੇ ਆਤਮ ਹੱਤਿਆ ਕਰਨ ਵਾਲੇ ਕਮਰੇ ’ਚੋਂ ਮਿਲਿਆ। ਹਾਲਾਂਕਿ ਅੰਜਲੀ ਨੇ ਆਤਮ ਹੱਤਿਆ ਕਿਉਂ ਕੀਤੀ ਇਹ ਅਜੇ ਤੱਕ ਭੇਤ ਬਣਿਆ ਹੋਇਆ ਹੈ।
ਮ੍ਰਿਤਕ ਦੇ ਪਤੀ ਸ਼ਿਵ ਕੁਮਾਰ ਦਾਸ ਨੇ ਕਿਹਾ ਕਿ ਉਨ੍ਹਾਂ ਦਾ ਆਪਸ ਵਿਚ ਕੋਈ ਝਗੜਾ ਨਹੀਂ ਹੋਇਆ। ਪਤੀ ਨੇ ਦੱਸਿਆ ਕਿ ਉਸਦੀ ਪਤਨੀ ਵਿਚ ਭੂਤ ਆਉਂਦੇ ਸਨ, ਜਿਸ ਸਬੰਧੀ ਉਨ੍ਹਾਂ ਨੇ ਦਰਗਾਹਾਂ ’ਤੇ ਜਾ ਕੇ ਇਲਾਜ ਵੀ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਕਰਨੈਲ ਸਿੰਘ ਮੌਕੇ ’ਤੇ ਪਹੁੰਚੇ, ਜਿੰਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ। ਹਾਲਾਂਕਿ ਕਿ ਪੁਲਿਸ ਨੂੰ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ। ਪਰ ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿੱਤਾ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।