ਅੰਮ੍ਰਿਤਸਰ — ਪੰਜਾਬ ਸਰਕਾਰ ਨੇ ਨਿਗਮ ਚੋਣਾਂ ਤੋਂ ਬਾਅਦ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਡਵੀਜ਼ਨਲ ਕਮਿਸ਼ਨਰ ਹੁਣ ਹਾਊਸ ਦੀ ਮੀਟਿੰਗ ਬੁਲਾ ਕੇ ਕੌਂਸਲਰਾਂ ਨੂੰ ਸਹੁੰ ਚੁਕਾਉਣਗੇ। ਚੋਣਾਂ ਤੋਂ ਬਾਅਦ ਕਾਂਗਰਸ ਨੋਟੀਫਿਕੇਸ਼ਨਾਂ ਨੂੰ ਲੈ ਕੇ ਵਾਰ-ਵਾਰ ਸਰਕਾਰ ਨੂੰ ਘੇਰ ਰਹੀ ਸੀ। ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਕੌਂਸਲਰਾਂ ਵਿਚ ਹਲਚਲ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ‘ਆਪ’ ਅਤੇ ਕਾਂਗਰਸ ਇਸ ਸਮੇਂ ਜੋੜ-ਤੋੜ ਕਰਨ ਵਿਚ ਲੱਗੀ ਹੋਈ ਹੈ। ਕਿਸੇ ਵੇਲੇ ਵੀ ਕੋਈ ਵੀ ਪਾਰਟੀ ਆਪਣਾ ਹਾਊਸ ਬਣਾਉਣ ਦਾ ਦਾਅਵਾ ਠੋਕਣ ਵਾਲੀ ਹੈ।ਮੇਅਰ ਦੀ ਕੁਰਸੀ ਅਤੇ ਹਾਊਸ ਬਣਾਉਣ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ। ‘ਆਪ’ ਆਪਣਾ ਮੇਅਰ ਅਤੇ ਹਾਊਸ ਬਣਾਉਣ ਲਈ ਜੋੜ-ਤੋੜ ਕਰ ਰਹੀ ਹੈ।
ਇਸ ਦੇ ਨਾਲ ਹੀ ਕਾਂਗਰਸ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਕੁਰਸੀ ਨੂੰ ਲੈ ਕੇ ਨੋਕ-ਝੋਕ ਚੱਲ ਰਹੀ ਹੈ। ਹੁਣ ਕਾਂਗਰਸ ਵਿਚ ਮੇਅਰਸ਼ਿਪ ਨੂੰ ਲੈ ਕੇ ਤਿੰਨ ਤੋਂ ਚਾਰ ਦਾਅਵੇਦਾਰ ਆ ਰਹੇ ਹਨ, ਜਦੋਂਕਿ ਕੋਈ ਇਹ ਵੀ ਕਹਿ ਰਿਹਾ ਹੈ ਕਿ ਜੇਕਰ ਮੇਅਰਸ਼ਿਪ ਨਹੀਂ ਦਿੱਤੀ ਗਈ ਤਾਂ ਕੀ ਪਤਾ ਜ਼ੋਰ ਲਗਾ ਕੇ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਹੀ ਬਣਾ ਦਿੱਤਾ ਜਾਵੇ। ਕਾਂਗਰਸ ਵਿਚ ਕਈ ਧੜੇ ਬਣ ਗਏ ਹਨ ਪਰ ਕਾਂਗਰਸੀ ਕੌਂਸਲਰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਹਾਈਕਮਾਂਡ ਜੋ ਵੀ ਫੈਸਲਾ ਲਵੇਗੀ, ਉਹ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ।