ਲੁਧਿਆਣਾ – ਲੁਧਿਆਣਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਿਵਲ ਹਸਪਤਾਲ ਵਿੱਚ ਮਹਿਲਾ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਨਰਸ ਮਰੀਜ਼ ਨੂੰ ਦੇਖਣ ਨਹੀਂ ਆਈ ਸਗੋਂ ਉਹ ਆਪਣੇ ਫੋਨ ’ਤੇ ਰੁੱਝੀ ਰਹੀ ਅਤੇ ਉਡੀਕ ਕਰਨ ਲਈ ਕਹਿੰਦੀ ਰਹੀ। ਇਸ ਦੌਰਾਨ ਇਲਾਜ ਨਾ ਹੋਣ ਕਾਰਨ ਮਰੀਜ਼ ਦੀ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਮਰੀਜ਼ ਦੀ ਰਿਸ਼ਤੇਦਾਰ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਮਾਸੀ ਸੁਰਿੰਦਰ ਕੌਰ ਨੂੰ 20 ਅਗਸਤ ਨੂੰ ਕਿਡਨੀ ਤੇ ਲਿਵਰ ‘ਚ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਰਾਤ ਨੂੰ ਹਸਪਤਾਲ ‘ਚ ਮਰੀਜ਼ ਦੀ ਹਾਲਤ ਵਿਗੜਨ ਲੱਗੀ ਪਰ ਡਿਊਟੀ ‘ਤੇ ਮੌਜੂਦ ਕਿਸੇ ਵੀ ਨਰਸ ਨੇ ਉਸ ਵੱਲ ਧਿਆਨ ਨਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਨਰਸ ਨੂੰ ਵਾਰ-ਵਾਰ ਮਰੀਜ਼ ਦੀ ਹਾਲਤ ਖ਼ਰਾਬ ਹੋਣ ਬਾਰੇ ਦੱਸਿਆ। ਉਹ ਨਰਸ ਆਪਣੇ ਫ਼ੋਨ ‘ਤੇ ਹੀ ਰੁੱਝੀ ਰਹੀ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ।