ਕਪੂਰਥਲਾ ਜ਼ਿਲ੍ਹੇ ਦੇ ਬਲਾਕ ਸੁਲਤਾਨਪੁਰ ਲੋਧੀ ਅਧੀਨ ਦੇ ਪੈਂਦੇ ਪਿੰਡ ਦਰੀਏਵਾਲ ਵਿਖੇ ਅੱਜ ਦੁਪਹਿਰ 2.30 ਵਜੇ ਦੇ ਕਰੀਬ ਇੱਕ ਨੌਜਵਾਨ ਦੀ ਖੇਤਾਂ ਵਿੱਚ ਕੰਮ ਕਰਦਿਆਂ ਅਚਾਨਕ ਟਰੈਕਟਰ ਪਲਟਣ ਨਾਲ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਸਕਰਨਪ੍ਰੀਤ ਸਿੰਘ ਪੁੱਤਰ ਸਵ. ਪਰਮਜੀਤ ਸਿੰਘ ਆਪਣੇ ਖੇਤਾਂ ਵਿੱਚ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾ ਰਿਹਾ ਸੀ ਤਾਂ ਟਰੈਕਟਰ ਮਗਰ ਟਰਾਲੀ ਪਾ ਕੇ ਉਹ ਖੇਤਾਂ ਵਿੱਚ ਝੋਨਾ ਲੱਦਣ ਲਈ ਆਇਆ, ਜਿਸ ਦੌਰਾਨ ਟਰੈਕਟਰ ਬੇਕਾਬੂ ਹੋ ਕੇ ਅਚਾਨਕ ਪਲਟ ਗਿਆ ਅਤੇ ਜਸਕਰਨਪ੍ਰੀਤ ਸਿੰਘ ਉਸ ਦੇ ਹੇਠਾਂ ਆ ਗਿਆ। ਹਾਲਾਂਕਿ ਆਲੇ ਦੁਆਲੇ ਦੇ ਕਿਸਾਨਾਂ ਨੇ 20 ਮਿੰਟ ਦੀ ਜੱਦੋ ਜਹਿਦ ਉਪਰੰਤ ਜਸਕਰਨ ਸਿੰਘ ਨੂੰ ਟਰੈਕਟਰ ਹੇਠੋਂ ਬਾਹਰ ਕੱਢਿਆ ਅਤੇ ਤੁਰੰਤ ਸੁਲਤਾਨਪੁਰ ਲੋਧੀ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ।
ਇਲ ਦੌਰਾਨ ਡਾਕਟਰਾਂ ਵੱਲੋਂ ਨੌਜਵਾਨ ਕਿਸਾਨ ਜਸਕਰਨਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। 19 ਸਾਲਾਂ ਨੌਜਵਾਨ ਜਸਕਰਨ ਸਿੰਘ ਦੇ ਪਿਤਾ ਦੀ 11 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਘਰ ਵਿੱਚ ਉਹ ਆਪਣੀ ਮਾਤਾ ਅਤੇ ਭੈਣ ਨਾਲ ਰਹਿੰਦਾ ਸੀ ਅਤੇ ਮਾਪਿਆਂ ਦਾ ਇੱਕ ਇਕਲੌਤਾ ਸਹਾਰਾ ਸੀ। ਨੌਜਵਾਨ ਕਿਸਾਨ ਜਸਕਰਨਪ੍ਰੀਤ ਸਿੰਘ ਦੀ ਹੋਈ ਦਰਦਨਾਕ ਮੌਤ ਕਾਰਨ ਸਮੁੱਚੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਨਗਰ ਨਿਵਾਸੀਆਂ ਵੱਲੋਂ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ, ਉੱਥੇ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਜਸਕਰਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਤਰੁੰਤ ਆਰਥਿਕ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਸ਼ਾਮ ਨੂੰ ਮ੍ਰਿਤਕ ਜਸਕਰਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਭੇਟ ਵੀ ਉਸਦੀ ਭੈਣ ਵੱਲੋਂ ਕੀਤੀ ਗਈ।