ਖੰਨਾ ਤੋਂ ਉਸ ਸਮੇਂ ਮੰਦਭਾਗੀ ਖ਼ਬਰ ਆਈ ਜਦੋਂ ਸੰਭਾਵਿਤ ਲੁੱਟ ਖੋਹ ਦੇ ਇਰਾਦੇ ਨਾਲ ਕਥਿਤ ਤੌਰ ’ਤੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਹਿਚਾਣ ਰਵੀ ਕੁਮਾਰ ਵਾਸੀ ਚੰਡੀਗੜ੍ਹ ਵੱਜੋਂ ਹੋਈ ਹੈ। ਜਿਸ ਦੀ ਲਾਸ਼ ਖੰਨਾ ‘ਚ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸਮਰਾਲਾ ਦੇ ਪਿੰਡ ਹਰਿਆਣ ਨੇੜੇ ਮਿਲੀ ਹੈ।
ਜਾਣਕਾਰੀ ਮੁਤਾਬਕ ਰਵੀ ਕੁਮਾਰ ਟੈਕਸੀ ਚਲਾਉਂਦਾ ਸੀ। ਘਟਨਾ ਤੋਂ ਬਾਅਦ ਨੌਜਵਾਨ ਰਵੀ ਦੀ ਟੈਕਸੀ ਵੀ ਗਾਇਬ ਹੈ। ਇਸੇ ਕਰਕੇ ਜਾਂਚ ਅਧਿਕਾਰੀਆਂ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਫਰਾਰ ਹੋ ਗਏ। ਫਿਲਹਾਲ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਜਾਂਚ ਆਰੰਭ ਦਿੱਤੀ ਹੈ।
ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਰਵੀ ਦੱਸਿਆ ਕਿ ਉਸ ਨੇ ਚੰਡੀਗੜ੍ਹ ਤੋਂ ਲੁਧਿਆਣਾ ਜਾਣਾ ਹੈ। ਇਸ ਤੋਂ ਬਾਅਦ ਸਵੇਰੇ 4 ਕੁ ਵਜੇ ਉਨ੍ਹਾਂ ਦੇ ਬੇਟੇ ਦਾ ਫੋਨ ਆਇਆ ਕਿ ਉਸ ਨੂੰ ਗੋਲੀ ਲੱਗੀ ਹੈ। ਉਸਨੇ ਲੋਕੇਸ਼ਨ ਵੀ ਭੇਜੀ ਪਰ ਜਦੋਂ ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਰਵੀ ਚਾਰ ਮਹੀਨਿਆਂ ਤੋਂ ਟੈਕਸੀ (ਆਲਟੋ ਕਾਰ) ਚਲਾ ਰਿਹਾ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਕਿਸੇ ’ਤੇ ਸ਼ੱਕ ਹੈ। ਪਰਿਵਾਰ ਮੁਤਾਬਕ ਰਵੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਕਰੀਬ ਡੇਢ ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ।