ਪੰਚਾਇਤੀ ਚੋਣਾਂ ਵਿਚਾਲੇ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਐ, ਜਿੱਥੇ ਪਿੰਡ ਨਰੜੂ ਦੇ ਪੰਚ ਦੇ ਉਮੀਦਵਾਰ ਗੁਲਜਾਰ ਮੁਹੰਮਦ ’ਤੇ ਪੰਚ ਦੀ ਉਮੀਦਵਾਰੀ ਦੇ ਕਾਗਜ਼ ਵਾਪਸ ਲੈਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਬਦਨਾਮੀ ਨਾ ਸਹਾਰਦੇ ਹੋਏ ਉਸਨੇ ਕਣਕ ਦੇ ਵਿੱਚ ਰੱਖਣ ਵਾਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ।
ਇਸ ਦੇ ਨਾਲ ਹੀ ਗੁਲਜ਼ਾਰ ਮੁਹੰਮਦ ਦੇ ਦੁਆਰਾ ਖੁਦਕੁਸ਼ੀ ਕਰਨ ਸਮੇਂ ਇੱਕ ਸੁਸਾਈਡ ਪੱਤਰ ਵੀ ਮਿਲਿਆ ਜੋ ਉਸ ਨੇ ਮਰਨ ਤੋਂ ਪਹਿਲਾਂ ਸਾਰੀ ਘਟਨਾ ਲਿਖ ਕੇ ਆਪਣੇ ਪੁੱਤਰ ਸ਼ਾਹਰੁਖ ਖਾਨ ਦੇ ਹੱਥ ਫੜਾਇਆ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਪੁੱਤਰ ਸ਼ਾਹਰੁਖ ਖਾਨ ਦੇ ਬਿਆਨਾਂ ਦੇ ਅਧਾਰ ’ਤੇ ਪੁਲਿਸ ਦੁਆਰਾ ਸੱਤ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਗਿਆ ਹੈ। ਸ਼ਾਹਰੁਖ ਨੇ ਦੱਸਿਆ ਕਿ ਉਸਦਾ ਪਿਤਾ ਪਿੰਡ ਨਰੜੂ ਵਿਖੇ ਅੱਠ ਨੰਬਰ ਵਾਰਡ ਦੇ ਵਿੱਚੋਂ ਪੰਚਾਇਤੀ ਚੋਣਾਂ ਦੇ ਵਿੱਚ ਪੰਚ ਦਾ ਉਮੀਦਵਾਰ ਸੀ ਅਤੇ ਉਸਦੇ ਕਾਗਜ਼ ਵੀ ਆ ਗਏ ਸਨ। ਜਦੋਂ ਉਹ ਚੋਣ ਨਿਸ਼ਾਨ ਲੈਂਣ ਦੇ ਲਈ ਘਨੌਰ ਗਿਆ ਤਾਂ ਉੱਥੇ ਵਿਰੋਧੀ ਧਿਰ ਦੇ ਦੁਆਰਾ ਧੱਕੇ ਦੇ ਨਾਲ ਉਸ ਤੋਂ ਕਾਗਜ਼ ਵਾਪਸੀ ’ਤੇ ਦਸਤਖ਼ਤ ਕਰਵਾ ਲਏ ਗਏ। ਇਸ ਤੋਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਉਸਦੇ ਖੁਦ ਦੇ ਸਮਰਥਕਾਂ ਦੇ ਦੁਆਰਾ ਪਿੰਡ ਦੇ ਵਿੱਚ ਉਸ ਨਾਲ ਗਾਲੀ-ਗਲੋਚ ਕੀਤਾ ਗਿਆ ਅਤੇ ਉਸਦਾ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ।
ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਸਮਰਥਕ ਜਿਨਾਂ ਦੇ ਦੁਆਰਾ ਉਨ੍ਹਾਂ ਨੂੰ ਖੜਾ ਕੀਤਾ ਗਿਆ ਸੀ ,ਉਹਨਾਂ ਦੇ ਦੁਆਰਾ ਹੀ ਇਲਜ਼ਾਮ ਲਗਾਏ ਗਏ ਕਿ ਗੁਲਜ਼ਾਰ ਮੁਹੰਮਦ 50 ਹਜ਼ਾਰ ਰੁਪਏ ਲੈ ਕੇ ਆਪਣੇ ਕਾਗਜ਼ ਵਾਪਸ ਲੈ ਆਇਆ ਹੈ। ਜਦੋਂਕਿ ਇਹ ਸੱਚ ਨਹੀਂ ਸੀ। ਅਸਲ ਦੇ ਵਿੱਚ ਉਸ ਤੋਂ ਧੱਕੇ ਦੇ ਨਾਲ ਦਸਤਖ਼ਤ ਕਰਵਾ ਕੇ ਵਿਰੋਧੀਆਂ ਦੇ ਦੁਆਰਾ ਕਾਗਜ਼ ਵਾਪਸ ਕਰਵਾਏ ਗਏ ਸਨ।
ਬੇਸ਼ੱਕ ਮੇਰੇ ਪਿਤਾ ਦੇ ਦੁਆਰਾ ਸਫਾਈਆਂ ਦਿੱਤੀਆਂ ਗਈਆਂ, ਪਰ ਪਿੰਡ ਦੇ ਵਿੱਚ ਵਧ ਰਹੀ ਬਦਨਾਮੀ ਉਹ ਸਹਾਰ ਨਾ ਸਕੇ ਅਤੇ ਉਹਨਾਂ ਦੇ ਦੁਆਰਾ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਫਿਲਹਾਲ ਪੁਲਿਸ ਦੇ ਦੁਆਰਾ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।।