ਚੰਡੀਗੜ੍ਹ : ਪੰਜਾਬ ਪੁਲਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਦੀ ਤਰਜ਼ ’ਤੇ ਫਰਜ਼ੀ ਵੈੱਬਸਾਈਟ ਬਣਾ ਕੇ ਜਾਅਲੀ ਰਸੀਦਾਂ, ਫਾਰਮ ਤਿਆਰ ਕਰਕੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ‘ਚ ਸ਼ਾਮਲ ਵਾਹਨਾਂ ਨੂੰ ਸੁਖਾਲੀ ਆਵਾਜਾਈ ਦੀ ਸਹੂਲਤ ਦੇਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਦਿੱਤੀ। ਦੋਸ਼ੀ ਦੀ ਪਛਾਣ ਖਰੜ (ਐੱਸ. ਏ. ਐੱਸ. ਨਗਰ) ਦੇ ਰਹਿਣ ਵਾਲੇ ਗੌਰਵ ਕੁਮਾਰ ਵਜੋਂ ਹੋਈ ਹੈ,ਜੋ ਮਾਈਨਿੰਗ ਵਿਭਾਗ ਦੀ ਅਸਲ ਅਧਿਕਾਰਤ ਵੈੱਬਸਾਈਟ ’minesgeologypunjab.gov.in’ ਦੀ ਤਰਜ਼ ’ਤੇ ਇਸ ਨਾਲ ਮਿਲਦੀ-ਜੁਲਦੀ ਵੈੱਬਸਾਈਟ ’minesgeologypunjab.in’ ਬਣਾ ਕੇ ਗ਼ੈਰ-ਕਾਨੂੰਨੀ ਖਣਨ ਗਤਿਵਿਧੀਆਂ ਕਰਨ ਵਾਲਿਆਂ ਨੂੰ ਸਹੂਲਤ ਦਿੰਦਾ ਸੀ।
ਜ਼ਿਕਰਯੋਗ ਹੈ ਕਿ ਦੋਸ਼ੀ ਨੇ ਨਵੰਬਰ, 2024 ‘ਚ ਇੱਕ ਫਰਜ਼ੀ ਵੈੱਬਸਾਈਟ ਬਣਾਈ ਸੀ, ਜੋ ਜਨਵਰੀ, 2025 ਤੱਕ ਕਾਰਜਸ਼ੀਲ ਰਹੀ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਫਰਜ਼ੀ ਸਲਿੱਪਾਂ ‘ਚ ਅਧਿਕਾਰਤ ਮਾਈਨਿੰਗ ਵੈੱਬਸਾਈਟ ਦੀ ਤਰਜ਼ ’ਤੇ ਇੱਕ ਬਾਰ/ਕਿਊਆਰ ਸਕੈਨਰ ਕੋਡ ਵੀ ਹੁੰਦਾ ਸੀ, ਜੋ ਵਾਹਨਾਂ ਨੂੰ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਲਗਾਈਆਂ ਸਾਰੀਆਂ ਸੁਰੱਖਿਆ ਜਾਂਚਾਂ ਨੂੰ ਪਾਸ ਕਰਨ ‘ਚ ਮਦਦ ਕਰਦਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਫਿਰੋਜ਼ਪੁਰ ਦੇ ਇੱਕ ਵਿਅਕਤੀ ਨਾਲ ਮਿਲ ਕੇ 2000 ਤੋਂ ਵੱਧ ਫ਼ਰਜ਼ੀ ਮਾਈਨਿੰਗ ਰਸੀਦਾਂ ਤਿਆਰ ਕੀਤੀਆਂ, ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲਗਭਗ 40-50 ਲੱਖ ਰੁਪਏ ਦਾ ਖੋਰਾ ਲੱਗਾ।
ਡੀ. ਜੀ. ਪੀ. ਨੇ ਕਿਹਾ ਕਿ ਵੈੱਬਸਾਈਟ ਬੈਕਅੱਪ, ਜਿਸ ‘ਚ ਫਰਜ਼ੀ ਰਸੀਦਾਂ, ਵਾਹਨਾਂ ਦੀਆਂ ਤਸਵੀਰਾਂ, ਮਾਈਨਿੰਗ ਸਮੱਗਰੀ ਦੇ ਸਰੋਤਾਂ ਅਤੇ ਪਹੁੰਚ ਸਬੰਧੀ ਵੇਰਵੇ ਅਤੇ ਅਪਰਾਧ ‘ਚ ਵਰਤੇ ਗਏ ਕੰਪਿਊਟਰ ਸਿਸਟਮ ਬਰਾਮਦ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਬੇਨਿਯਮੀ ‘ਚ ਸ਼ਾਮਲ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।