ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਵਿਚ ਇਕ 17 ਸਾਲਾ ਤਾਈਕਵਾਂਡੋ ਖਿਡਾਰੀ ਅਨੁਰਾਗ ਯਾਦਵ ਉਰਫ ਛੋਟੂ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਗੌਰਾਬਾਦਸ਼ਾਹਪੁਰ ਥਾਣੇ ਦੇ ਪਿੰਡ ਕਬੀਰੂਦੀਨਪੁਰ ਦੀ ਹੈ। ਅਨੁਰਾਗ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪੁਲਸ ਦਾ ਮੰਨਣਾ ਹੈ ਕਿ ਕਤਲ ਦੇ ਪਿੱਛੇ ਦਾ ਕਾਰਨ ਜ਼ਮੀਨੀ ਵਿਵਾਦ ਹੈ। ਘਟਨਾ ਦੀ ਖ਼ਬਰ ਵਾਇਰਲ ਹੁੰਦੇ ਹੀ ਪੂਰੇ ਇਲਾਕੇ ਵਿਚ ਕੋਹਰਾਮ ਮਚ ਗਿਆ।ਸੂਚਨਾ ਮਿਲਣ ਤੋਂ ਬਾਅਦ ਐਸ.ਪੀ ਡਾ. ਅਜੈ ਪਾਲ ਸ਼ਰਮਾ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਘਟਨਾ ਤੋਂ ਬਾਅਦ ਪਿੰਡ ‘ਚ ਤਣਾਅ ਦਾ ਮਾਹੌਲ ਬਣ ਗਿਆ ਹੈ, ਜਿਸ ਕਾਰਨ ਵੱਡੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਕਬੀਰੂਦੀਨਪੁਰ ‘ਚ ਜ਼ਮੀਨੀ ਵਿਵਾਦ ਦੀ ਰੰਜ਼ਿਸ਼ ਨੂੰ ਲੈ ਕੇ ਅਨੁਰਾਗ ਯਾਦਵ ਦਾ ਅੱਜ ਸਵੇਰੇ ਦੂਜੇ ਪੱਖ ਦੇ ਲੋਕਾਂ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋ ਗਿਆ। ਜ਼ਮੀਨੀ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ ਅਤੇ ਕਾਤਲ ਨੇ ਤਲਵਾਰ ਨਾਲ ਅਨੁਰਾਗ ਦੀ ਧੌਣ ਵੱਢ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਅਨੁਰਾਗ ਤਾਈਕਵਾਂਡੋ ਖਿਡਾਰੀ ਦੇ ਨਾਲ ਹੀ ਇੰਟਰ ਕਾਲਜ ਦਾ ਵਿਦਿਆਰਥੀ ਸੀ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਅਨੁਰਾਗ ਨੇ ਕੁਝ ਦਿਨ ਪਹਿਲਾਂ ਚੰਦੌਲੀ ਵਿਚ ਇੰਡੋ-ਨੇਪਾਲ ਇੰਟਰਨੈਸ਼ਨਲ ਤਾਈਕਵਾਂਡੋ ਮੁਕਾਬਲੇ ਵਿਚ ਕਾਂਸੇ ਦਾ ਤਮਗਾ ਅਤੇ ਨੋਇਡਾ ‘ਚ ਨੈਸ਼ਨਲ ਵਿਚ ਸਿਲਵਰ ਮੈਡਲ ਜਿੱਤਿਆ ਸੀ।