ਫਿਲਮਾਂ-ਕਹਾਣੀਆਂ ’ਚ ਅਕਸਰ ਇੱਕ ਡਾਇਲੌਗ ਕਿਹਾ ਜਾਂਦਾ ਹੈ ਕਿ ਪੁਲਿਸ ਹਮੇਸ਼ਾਂ ਮੌਕਾ-ਏ-ਵਾਰਦਾਤ ਤੋਂ ਬਾਅਦ ਪਹੁੰਚਦੀ ਹੈ। ਪਰ ਇਸ ਡਾਇਲੌਗ ਨੂੰ ਪੁਲਿਸ ਨੇ ਉਸ ਸਮੇਂ ਝੂਠਾ ਕਰ ਦਿੱਤਾ ਜਦੋਂ ਅੰਮ੍ਰਿਤਸਰ ਪੁਲਿਸ ਨੇ ਅੱਤਵਾਦ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਇੱਕ ਗਿਰੋਹ ਦੇ ਮੈਂਬਰ ਨੂੰ ਕਾਬੂ ਕਰ ਲਿਆ।
ਦਰਅਸਲ ਇਹ ਸਫਲਤਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੇ ਹੱਥ ਲੱਗੀ ਹੈ, ਜਿਸ ਨੇ ਇੱਕ ਅੱਤਵਾਦ ਦੇ ਗਿਰੋਹ ਦੇ ਮੈਂਬਰ ਨੂੰ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕਰਦੇ ਹੋਏ ਹਥਿਆਰਾਂ ਦੀ ਬਰਾਮਦਗੀ ਵੀ ਕੀਤੀ, ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਅੱਤਵਾਦ ਗਿਰੋਹ ਦੇ ਇੱਕ ਮੈਂਬਰ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਬਣਾਈ ਜਾ ਰਹੀ ਹੈ। ਫੜੇ ਗਏ ਸ਼ੱਕੀ ਦੀ ਪਹਿਚਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਬੰਗੜ, ਘਣੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਜੋ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਵਿੱਚ ਪਨਾਹ ਲੈ ਕੇ ਰਹਿ ਰਿਹਾ ਸੀ।
ਇਸ ਸੰਬੰਧੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਐਕਸ ’ਤੇ ਟਵੀਟ ਕਰਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਸਾਹਮਣੇ ਆਇਆ ਕਿ ਵਿਕਰਮਜੀ ਸਿੰਘ ਉਰਫ ਵਿੱਕੀ ਦੇ ਹੈਂਡਲਰ ਅਮਰੀਕਾ ’ਚ ਸਥਿਤ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆਂ ਅਤੇ ਇਟਲੀ ’ਚ ਸਥਿਤ ਅੱਤਵਾਦੀ ਰੇਸ਼ਮ ਸਿੰਘ ਹਨ। ਜਿਨ੍ਹਾਂ ਦੇ ਕਹਿਣ ‘ਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਕੋਲੋਂ 1 ਪਿਸਤੌਲ, 2 ਮੈਗਜ਼ੀਨ, 9 ਜਿੰਦਾ ਕਾਰਤੂਸ ਅਤੇ 1 ਕਾਰਤੂਸ ਦਾ ਖਾਲੀ ਖੋਲ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਤਵਾਦ ਮੈਡਿਉਲ ਦੀ ਯੋਜਨਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।