ਸਾਹਨੇਵਾਲ/ਕੋਹਾੜਾ -ਸਾਹਨੇਵਾਲ ਪੁਲਸ ਨੇ ਵੱਖ-ਵੱਖ ਥਾਣਿਆਂ ਦੇ ਇਲਾਕਿਆਂ ’ਚ ਲਗਭਗ 15-16 ਵਾਰਦਾਤਾਂ ਚੋਰੀ, ਲੁੱਟਾਂ-ਖੋਹਾਂ, ਹੱਤਿਆ ਦੀ ਕੋਸ਼ਿਸ਼, ਅਗਵਾ ਕਰਨ ਤੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਖ਼ਤਰਨਾਕ ਗੈਂਗ ਦੇ ਚਾਰ ਵਿਅਕਤੀਆਂ ’ਚੋਂ 2 ਨੂੰ ਚੋਰੀ ਕੀਤੇ ਮੋਟਰਸਾਈਕਲ, ਮੋਬਾਈਲ ਅਤੇ ਲੋਹੇ ਦੇ ਦਾਤ ਸਮੇਤ ਗ੍ਰਿਫਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।
ਏ.ਡੀ.ਸੀ.ਪੀ.-2 ਦੇਵ ਸਿੰਘ, ਏ.ਸੀ.ਪੀ. ਗਿੱਲ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਗਸ਼ਤ ਸਬੰਧੀ ਮੇਨ ਜੀ.ਟੀ. ਰੋਡ ’ਤੇ ਟੈਂਪੂ ਯੂਨੀਅਨ ਦੇ ਨੇੜੇ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਲੁਧਿਆਣਾ ਅਤੇ ਖੰਨਾ ਪੁਲਸ ਦੇ ਇਲਾਕੇ ’ਚ ਲੁੱਟਾਂ-ਖੋਹਾਂ ਤੇ ਖਤਰਨਾਕ ਅਪਰਾਧ ਕਰਨ ਵਾਲੇ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋਰਾਹਾ ਸਾਈਡ ਤੋਂ ਸਾਹਨੇਵਾਲ ਵੱਲ ਨੂੰ ਆ ਰਹੇ ਹਨ, ਜਿਸ ’ਤੇ ਥਾਣਾ ਸਾਹਨੇਵਾਲ ਮੁਖੀ ਇੰਸ. ਜਗਦੇਵ ਸਿੰਘ ਧਾਲੀਵਾਲ ਨੇ ਤੁਰੰਤ ਹਰਕਤ ’ਚ ਆਉਂਦੇ ਹੀ ਜੀ.ਟੀ. ਰੋਡ ਬਿਲਗਾ ਦੇ ਕੱਟ ’ਤੇ ਨਾਕਾਬੰਦੀ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਜਦੋਂ ਲੁਟੇਰੇ ਪੁਲਸ ਦੇ ਨੇੜੇ ਆਏ ਤਾਂ ਬੁਲੇਟ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦਕਿ ਦੂਜੇ ਮੋਟਰਸਾਈਕਲ ’ਤੇ ਸਵਾਰ 2 ਲੁਟੇਰੇ ਫਰਾਰ ਹੋਣ ’ਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਪੁਲਸ ਭਾਲ ਕਰ ਰਹੀ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਮਨਦੀਪ ਸਿੰਘ ਬਿੰਦਰ ਉਰਫ ਜਸ਼ਨ ਪੁੱਤਰ ਮੇਵਾ ਸਿੰਘ ਵਾਸੀ ਭੈਰੋਮੁੰਨਾ ਥਾਣਾ ਕੂੰਮ ਕਲਾਂ, ਲੁਧਿਆਣਾ ਤੇ ਸੰਨੀ ਵਾਸੀ ਮੜੀਆਂ ਰੋਡ ਨੇੜੇ ਛੋਟਾ ਖੰਨੇ ਵਾਲਾ ਸ਼ਰਾਬ ਦਾ ਠੇਕਾ ਥਾਣਾ ਖੰਨਾ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਤੋਂ 5 ਮੋਟਰਸਾਈਕਲ, 10 ਮੋਬਾਈਲ ਫੋਨ ਤੇ ਇਕ ਲੋਹੇ ਦਾ ਦਾਤ ਬਰਾਮਦ ਕੀਤਾ ਗਿਆ ਹੈ।
।