ਬਠਿੰਡਾ—ਬਠਿੰਡਾ ਜ਼ਿਲ੍ਹੇ ਦੀ ਰਾਮਪੁਰਾ ਤਹਿਸੀਲ ਦੇ ਸਦਰ ਥਾਣੇ ਵਿੱਚ ਤਾਇਨਾਤ ਮੁਨਸ਼ੀ ਨੇ ਸਰਕਾਰੀ ਰਾਈਫ਼ਲ ਏ.ਕੇ. 47 ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮੁਨਸ਼ੀ ਕਾਫ਼ੀ ਸਮੇਂ ਤੋਂ ਰਾਮਪੁਰਾ ਦੇ ਮਲਖਾਨੇ ਵਿੱਚ ਤਾਇਨਾਤ ਸੀ, ਜਦਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਐੱਸ. ਐੱਸ. ਪੀ. ਬਠਿੰਡਾ ਅਮਨੀਤ ਕੌਂਡਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਨਸ਼ੀ ਸੁਖਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਡਿਊਟੀ ’ਤੇ ਆਇਆ ਹੋਇਆ ਸੀ। ਸੋਮਵਾਰ ਨੂੰ ਉਸ ਨੇ ਰਸੋਈ ‘ਚ ਏ.ਕੇ. 47 ਨਾਲ ਖੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਉਸ ਦੇ ਹੋਰ ਸਾਥੀ ਪੁਲਸ ਮੁਲਾਜ਼ਮ ਪੁੱਜੇ ਅਤੇ ਜ਼ਖ਼ਮੀ ਮੁਨਸ਼ੀ ਸੁਖਪਾਲ ਸਿੰਘ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ. ਐੱਸ. ਪੀ. ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਹਾਲਾਂਕਿ ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਜਦਕਿ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।