ਪਿਛਲੇ ਸਾਲ ਦੀ ਹੜ੍ਹਾਂ ਵਾਲੇ ਮਾਨਸੂਨ ਦੀ ਸਥਿਤੀ ਤੋਂ ਬੱਚਣ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਪਹਿਲਾਂ ਹੀ ਉਪਰਾਲੇ ਕਰਨ ਲਈ ਵਚਨਬੱਧ ਹੈ ਤਾਂ ਕਿ ਬੀਤੇ ਸਾਲ ਦੀ ਤਰ੍ਹਾਂ ਖੇਤਾਂ, ਘਰਾਂ ਦਾ ਨੁਕਸਾਨ ਨਾ ਹੋ ਸਕੇ। ਇਸੇ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਬਰਸਾਤੀ ਮੌਸਮ ਲਈ ਪਹਿਲਾਂ ਹੀ ਤਿਆਰ ਰਹਿਣ ਲਈ ਨਿਰਦੇਸ਼ ਦਿੱਤੇ ਤਾਂ ਜੋ ਆਰਥਿਕ ਤੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਮੁੱਖ ਸਕੱਤਰ ਵੱਲੋਂ ਇਹ ਮੀਟਿੰਗ ਵੀਡੀਓ ਕਾਨਫ਼ਰੰਸਿੰਗ ਰਾਹੀ ਕੀਤੀ ਗਈ।
ਮੀਟਿੰਗ ਦੌਰਾਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਭਾਖੜਾ ਡੈਮ ’ਚ ਪਾਣੀ ਦੇ ਪੱਧਰ ਨੂੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ’ਚ ਅੱਜ ਤੱਕ ਦਾ ਪਾਣੀ ਦਾ ਪੱਧਰ 1590 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 8 ਫੁੱਟ ਘੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਦਾ ਪਾਣੀ ਦਾ ਪੱਧਰ 30 ਫੁੱਟ ਅਤੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 34 ਫੁੱਟ ਘੱਟ ਹੈ।
ਇਸ ਦੇ ਨਾਲ ਹੀ ਅਨੁਰਾਗ ਵਰਮਾ ਨੇ ਦੱਸਿਆ ਕਿ ਇਸ ਸਾਲ ਹੜ੍ਹ ਰੋਕੂ ਕੰਮਾਂ ਨੂੰ ਸਿਰੇ ਲਗਾਉਣ ਲਈ 252 ਕਰੋੜ ਰੁਪਏ ਦੀ ਲਾਗਤ ਨਾਲ ਕਾਰਜ ਕੀਤੇ ਜਾ ਰਹੇ ਹਨ ਜੋ ਕਿ ਪਿਛਲੇ ਦੋ ਸਾਲਾਂ ਵਿੱਚ ਕੀਤੇ ਗਏ ਔਸਤ ਕਾਰਜਾਂ ਨਾਲੋਂ ਲਗਭਗ 1.5 ਗੁਣਾ ਵੱਧ ਹਨ। ਇਸ ਦੇ ਨਾਲ ਹੀ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਕੁੱਝ ਹਦਾਇਤਾਂ ਦੇ ਕੇ ਨਿਰਦੇਸ਼ਾਂ ਦੇ ਯਕੀਨੀ ਪਾਲਣ ਕਰਨ ਲਈ ਕਿਹਾ ਹੈ। ਇਹ ਨਿਰਦੇਸ਼ ਹਨ-
- ਆਪਣੇ ਜ਼ਿਲ੍ਹਿਆਂ ਵਿੱਚ ਹੜ੍ਹ ਰੋਕੂ ਸੰਵੇਦਨਸ਼ੀਲ ਥਾਵਾਂ ਦਾ ਮੁੜ ਦੌਰਾ ਕੀਤਾ ਜਾਵੇ ਕਰਨ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਥੇ ਹੜ੍ਹ ਰੋਕੂ ਕਾਰਜ ਤਸੱਲੀਬਖ਼ਸ਼ ਢੰਗ ਨਾਲ ਮੁਕੰਮਲ ਕੀਤੇ ਗਏ ਹਨ।
- ਪੂਰੇ ਮਾਨਸੂਨ ਸੀਜ਼ਨ ਦੌਰਾਨ ਸੰਵੇਦਨਸ਼ੀਲ ਥਾਵਾਂ ਦੇ ਨੇੜੇ ਪੈਂਦੇ ਪਿੰਡਾਂ ਵਿੱਚ ਸਥਾਨਕ ਲੋਕਾਂ ਨਾਲ ਸੰਪਰਕ ਬਣਾਈ ਰੱਖਿਆ ਜਾਵੇ।
- ਸ਼ਹਿਰਾਂ ਵਿੱਚ ਸੀਵਰੇਜ ਸਿਸਟਮ ਦੀ ਸਫਾਈ ਦੀ ਜਾਂਚ ਕੀਤੀ ਜਾਵੇ। ਡੀ-ਵਾਟਰਿੰਗ ਪੰਪਾਂ ਦੇ ਨਾਲ-ਨਾਲ ਜੈਨਸੈੱਟਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ।
- ਵਾਟਰ ਪੰਪਿੰਗ ਸਟੇਸ਼ਨਾਂ ‘ਤੇ ਜਨਰੇਟਰਾਂ ਦੇ ਵੀ ਪ੍ਰਬੰਧ ਯਕੀਨੀ ਬਣਾਏ ਜਾਣ।
- ਇਸ ਤੋਂ ਇਲਾਵਾ ਮੁੱਖ ਸਕੱਤਰ ਨੇ PSPCL ਦੇ ਅਧਿਕਾਰੀਆਂ ਨੂੰ ਬਿਜਲੀ ਪ੍ਰਣਾਲੀ ਦਾ ਜਾਇਜ਼ਾ ਲੈਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਮੀਂਹ ਦੌਰਾਨ ਬਿਜਲੀ ਸਪਲਾਈ ਵਿੱਚ ਘੱਟੋ-ਘੱਟ ਵਿਘਨ ਨਾ ਪਵੇ।