ਮੋਗਾ : ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਆਲਮ ਇਹ ਹੈ ਕਿ ਲੁਟੇਰਿਆਂ ਨੂੰ ਪੁਲਸ ਦਾ ਖੌਫ ਤਕ ਨਹੀਂ ਰਿਹਾ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਮੈਡੀਕਲ ਦੀ ਦੁਕਾਨ ਨੂੰ ਦੋ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਲੁਟੇਰੇ ਦੁਕਾਨਦਾਰ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ।
ਉਥੇ ਹੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਸਨੇ ਆਪਣੀ ਦੁਕਾਨ ਸਮੇਂ ਅਨੁਸਾਰ ਖੋਲ੍ਹੀ ਅਤੇ ਜਦੋਂ ਦੁਪਹਿਰੇ ਤਕਰੀਬਨ 12 ਵਜੇ ਦੇ ਕਰੀਬ ਉਹ ਦੁਕਾਨ ‘ਤੇ ਬੈਠਾ ਸੀ ਤਾਂ ਦੋ ਵਿਅਕਤੀ ਮੋਟਰਸਾਈਕਲ ‘ਤੇ ਆਏ ਅਤੇ ਇਕ ਵਿਅਕਤੀ ਮੋਟਰਸਾਈਕਲ ਤੋਂ ਉਤਰ ਕੇ ਦੁਕਾਨ ਅੰਦਰ ਦਾਖਲ ਹੋਇਆ ਜਦਕਿ ਦੂਸਰੇ ਨੇ ਮੋਟਰਸਾਈਕਲ ਸਟਾਰਟ ਰੱਖਿਆ। ਉਕਤ ਵਿਅਕਤੀ ਨੇ ਆਉਂਦਿਆਂ ਸਾਰ ਹੀ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਕਾਊਂਟਰ ਵਿਚੋਂ ਪੈਸੇ ਕੱਢ ਕੇ ਫਰਾਰ ਹੋ ਗਏ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲੁੱਟ ਦੀ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।