ਸੂਬੇ ’ਚ ਲੁੱਟਾਂ ਖੋਹਾਂ ਦੀ ਵਾਰਦਾਤਾਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਲੁਟੇਰਿਆਂ ਵੱਲੋਂ ਵਾਰਦਾਤਾਂ ਨੂੰ ਇਸ ਤਰ੍ਹਾਂ ਅੰਜ਼ਾਮ ਦਿੱਤਾ ਜਾ ਰਿਹਾ ਹੈ ਜਿਸ ਤਰ੍ਹਾਂ ਚੋਰਾਂ ਦੇ ਮਨਾਂ ਵਿੱਚੋਂ ਪੁਲਿਸ ਅਤੇ ਕਾਨੂੰਨ ਪ੍ਰਤੀ ਖ਼ੌਫ ਖ਼ਤਮ ਹੋ ਗਿਆ ਹੋਵੇ। ਤਾਜਾ ਘਟਨਾ ਖੰਨਾ ਤੋਂ ਸਾਹਮਣੇ ਆਈ ਹੈ, ਜਿੱਥੇ ਦਿਨ-ਦਿਹਾੜੇ ਲੁਟੇਰਿਆਂ ਨੇ ਹਥਿਆਰਾਂ ਦੀ ਨੌਕ ’ਤੇ ਨਾਮੀ ਬੈਂਕ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਨੂੰ ਨਿਸ਼ਾਨਾ ਬਣਾਇਆ।
ਜਾਣਕਾਰੀ ਮੁਤਾਬਕ ਘਟਨਾ ਖੰਨਾ ਦੀ ਬਗਲੀ ਕਲਾਂ ’ਚ ਵਾਪਰੀ ਜਿੱਥੇ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਲਗਭਗ ਤਿੰਨ ਹਥਿਆਰਬੰਦ ਨਕਾਬਪੋਸ਼ ਬੈਂਕ ਦੇ ਅੰਦਰ ਦਾਖਲ ਹੋਏ। ਇਸ ਦੌਰਾਨ ਨਕਾਬਪੋਸ਼ਾਂ ਨੇ ਪਿਸਤੌਲ ਦੀ ਨੌਕ ’ਤੇ ਬੈਂਕ ֈਚ ਮੌਜੂਦ ਕਰਮਚਾਰੀਆਂ ਅਤੇ ਗਾਹਕਾਂ ਨੂੰ ਬੰਦੀ ਬਣਾ ਲਿਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਦੇ ਨਾਲ ਹੀ ਲੁਟੇਰੇ ਬੈਂਕ ਦੇ ਬਾਹਰ ਖੜ੍ਹੇ ਸਕਿਓਰਿਟੀ ਗਾਰਡ ਦੀ ਪਿਸਤੌਲ ਵੀ ਖੋਹ ਕੇ ਨਾਲ ਲੈ ਗਏ ਅਤੇ ਜਾਂਦੇ ਸਮੇਂ ਬੰਦੂਕ ਹੇਠਾਂ ਸੁੱਟ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਬੈਂਕ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਹਾਲਾਂਕਿ ਚੋਰਾਂ ਵੱਲੋਂ ਕਿੰਨੀ ਰਕਮ ਲੁੱਟੀ ਗਈ ਹੈ, ਇਸ ਬਾਰੇ ਅਜੇ ਤੱਕ ਜਾਣਕਾਰੀ ਜੁਟਾਈ ਜਾ ਰਹੀ ਹੈ।