ਤਰਨਤਰਨ – ਤਰਨਤਰਨ ਵਿਖੇ ਬੀਤੀ ਰਾਤ ਹੋਈ ਬਰਸਾਤ ਦੌਰਾਨ ਮੁਹੱਲਾ ਨਾਨਕਸਰ ਦੇ ਇੱਕ ਗਰੀਬ ਘਰ ਦੀ ਛੱਤ ਗਹਿਰੀ ਨੀਂਦ ਸੁੱਤੇ ਹੋਏ ਪਰਿਵਾਰ ਉੱਪਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਕਰੀਬ 6 ਵਿਅਕਤੀਆਂ ਸਮੇਤ ਦੋ ਛੋਟੀ ਉਮਰ ਦੇ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਇਸ ਹਾਦਸੇ ਦੌਰਾਨ ਨਾਲ ਵਾਲੇ ਛੋਟੇ ਕਮਰੇ ਵਿੱਚ ਸੁੱਤੀ ਪਈ ਬਜ਼ੁਰਗ ਮਾਤਾ ਦਾ ਬਚਾਅ ਹੋ ਗਿਆ ਹੈ ਜਿਸਨੇ ਹਾਦਸੇ ਤੋਂ ਬਾਅਦ ਗੁਆਂਡੀਆਂ ਨੂੰ ਰੌਲਾ ਪਾ ਕੇ ਉਠਾਇਆ ਅਤੇ ਮਦਦ ਦੀ ਮੰਗ ਕੀਤੀ। ਗੁਆਂਡੀਆਂ ਵੱਲੋਂ ਰਾਤ ਕਰੀਬ ਸਾਢੇ 3 ਵਜੇ ਉੱਠ ਕੇ ਬੜੀ ਮੁਸ਼ੱਕਤ ਨਾਲ ਮਲਬੇ ਹੇਠਾਂ ਦੱਬੇ ਹੋਏ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਹਾਦਸੇ ਦੌਰਾਨ ਛੱਤ ਵਾਲਾ ਪੱਖਾ ਛੋਟੀ ਲੜਕੀ ਉੱਪਰ ਆ ਡਿੱਗਾ ਗਿਆ ਜਿਸ ਨਾਲ ਉਹ ਕਰੰਟ ਕਰਕੇ ਝੁਲਸ ਵੀ ਗਈ। ਗੁਆਂਢੀਆਂ ਦਾ ਕਹਿਣਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਣ ਵਾਲਾ ਪਰਿਵਾਰ ਬਹੁਤ ਹੀ ਗਰੀਬ ਹੈ ਜਿਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਸੀ।