ਪੰਜਾਬ ’ਚ ਨਸ਼ੇ ਦੇ ਛੇਵੇਂ ਦਰਿਆ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ, ਸਰਕਾਰ ਵੱਲੋਂ ਸੂਬੇ ’ਚ ਨਸ਼ਿਆਂ ਵਿਰੁੱਧ ਕੀਤੀ ਸਖ਼ਤੀ ਦੇ ਬਾਵਜੂਦ ਆਏ ਦਿਨ ਨਸ਼ੇ ਦੀਆਂ ਓਵਰਡੌਜ਼ਾਂ ਕਾਰਨ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਭਵਾਨੀਗੜ੍ਹ ’ਚ ਰਾਮਪੁਰਾ ਰੋਡ ਦਾ ਹੈ, ਜਿੱਥੇ ਇੱਕ ਨਹੀਂ, ਬਲਕਿ ਦੋ ਨੌਜਵਾਨਾਂ ਦੀ ਲਾਸ਼ਾਂ ਮਿਲੀਆਂ ਹਨ। ਨਸ਼ੇ ਦੀ ਓਵਰਡੌਜ਼ ਹੀ ਦੋਵਾਂ ਨੌਜਵਾਨਾਂ ਦੀ ਮੌਤ ਦਾ ਕਾਰਨ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ 35 ਸਾਲਾਂ ਰਣਜੀਤ ਸਿੰਘ ਉਰਫ਼ ਰਵੀ ਅਤੇ 24 ਸਾਲਾਂ ਬੰਨੀ ਸਿੰਘ ਵਜੋਂ ਹੋਈ ਹੈ।
ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੰਨੀ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦੇਰ ਰਾਤ ਤੱਕ ਜਦੋਂ ਘਰ ਨੂੰ ਵਾਪਸ ਨਹੀਂ ਆਇਆ ਤਾਂ ਉਹ ਆਪਣੇ ਬੇਟੇ ਨੂੰ ਲੱਭਣ ਲਈ ਰਾਮਪੁਰਾ ਰੋਡ ’ਤੇ ਰਣਜੀਤ ਸਿੰਘ ਉਰਫ਼ ਰਵੀ ਦੇ ਘਰ ਗਏ ਸੀ। ਇਸ ਦੌਰਾਨ ਰਵੀ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਤੇ ਦੋਵਾਂ ਦੇ ਯਾਨੀ ਕਿ ਬੰਨੀ ਸਿੰਘ ਤੇ ਰਣਜੀਤ ਸਿੰਘ ਦੇ ਫੋਨ ਬੰਦ ਸਨ। ਸ਼ੱਕ ਹੋਣ ’ਤੇ ਜਦੋਂ ਰਣਜੀਤ ਸਿੰਘ ਦੇ ਘਰ ਦਾ ਦਰਵਾਜ਼ਾ ਤੋੜ੍ਹਿਆ ਗਿਆ ਤਾਂ ਅੰਦਰੋਂ ਦੋਵਾਂ ਨੌਜਵਾਨਾਂ ਦੀ ਲਾਸ਼ਾਂ ਮਿਲੀਆਂ।
ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਜਿੰਨ੍ਹਾਂ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸੰਗਰੂਰ ਹਸਪਤਾਲ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਨਸ਼ੇ ਦੇ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।