ਲਾਡੋਵਾਲ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਖੇਤਾਂ ’ਚੋਂ ਸਬਜ਼ੀ ਤੋੜਨ ਗਈ ਇਕ ਬਜ਼ੁਰਗ ਮਾਤਾ ਦੇ ਕੰਨਾਂ ’ਚੋਂ ਚੋਰ ਦਿਨ-ਦਿਹਾੜੇ ਵਾਲੀਆਂ ਲਾਹ ਕੇ ਫਰਾਰ ਹੋ ਗਿਆ। ਔਰਤ ਦਾ ਇਕ ਕੰਨ ਵਾਲੀਆਂ ਖਿੱਚਣ ਸਮੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਕੁਤਬੇਵਾਲ ਗੁਜਰਾਂ ਦੀ ਮਾਤਾ ਹਰਬੰਸ ਕੌਰ ਪਤਨੀ ਜੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਖੇਤ ’ਚੋਂ ਸਬਜ਼ੀ ਤੋੜ ਰਹੀ ਸੀ ਕਿ ਇਕ ਨੌਜਵਾਨ ਨੇ ਸਾਡੇ ਖੇਤਾਂ ਤੋਂ ਪਿੱਛੇ ਆਪਣਾ ਮੋਟਰਸਾਈਕਲ ਖੜ੍ਹਾ ਕਰ ਕੇ ਮੇਰੇ ਕੋਲ ਆਇਆ ਅਤੇ ਕਿਸੇ ਦੀ ਮੋਟਰ ਬਾਰੇ ਪੁੱਛਣ ਲੱਗਿਆ। ਉਸਨੇ ਕਿਹਾ ਕਿ ਮੈਨੂੰ ਇਸ ਬਾਰੇ ਨਹੀਂ ਪਤਾ, ਜਦ ਮੈਂ ਸਬਜ਼ੀ ਵਾਲੀ ਬਾਲਟੀ ਚੁੱਕਣ ਲੱਗੀ ਤਾਂ ਉਸ ਨੌਜਵਾਨ ਨੇ ਮੇਰੇ ਪਿੱਛੋਂ ਦੀ ਹੋ ਕੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਬੇਰਹਿਮੀ ਨਾਲ ਖਿੱਚ ਲਈਆਂ। ਇਸ ਦੌਰਾਨ ਮੇਰਾ ਖੱਬੇ ਪਾਸੇ ਦਾ ਕੰਨ ਵੀ ਲਹੂ-ਲੁਹਾਨ ਹੋ ਗਿਆ। ਉਸ ਨੇ ਰੌਲਾ ਤਾਂ ਬਹੁਤ ਪਾਇਆ ਪਰ ਨੇੜੇ-ਤੇੜੇ ਕੋਈ ਨਾ ਹੋਣ ਕਰ ਕੇ ਉਹ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜਣ ’ਚ ਕਾਮਯਾਬ ਹੋ ਗਿਆ।