ਸੁਲਤਾਨਪੁਰ – ਜ਼ਿਲ੍ਹੇ ਦੇ ਕੋਤਵਾਲੀ ਨਗਰ ਇਲਾਕੇ ਦੇ ਹਨੀਫ ਨਗਰ ਵਿਚ ਪੁੱਤਰਾਂ ਨੇ ਜਾਇਦਾਦ ਦੀ ਖਾਤਰ ਆਪਣੇ ਬਜ਼ੁਰਗ ਪਿਤਾ ਦਾ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਸ ਅਨੁਸਾਰ ਹਨੀਫ਼ ਨਗਰ ਮੁਹੱਲੇ ਦੇ ਰਹਿਣ ਵਾਲੇ ਅਬਦੁਲ ਹਮੀਦ (65) ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਸਵੇਰੇ ਘਰੋਂ ਸੈਰ ਕਰਨ ਲਈ ਨਿਕਲੇ ਸਨ ਅਤੇ ਜਦੋਂ ਉਹ ਘਰ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਬੈਠੇ ਪੁੱਤਰਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਬਜ਼ੁਰਗ ਅਬਦੁਲ ਹਮੀਦ ਹੇਠਾਂ ਡਿੱਗ ਪਏ ਅਤੇ ਦਰਦ ਨਾਲ ਤੜਫਨ ਲੱਗੇ। ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ ਪਰ ਉਦੋਂ ਤੱਕ ਦੋਸ਼ੀ ਮੁੰਡੇ ਫਰਾਰ ਹੋ ਚੁੱਕੇ ਸਨ। ਸਥਾਨਕ ਲੋਕ ਹਮੀਦ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮੁਲਜ਼ਮਾਂ ਦੇ ਚਚੇਰੇ ਭਰਾ ਮੁਹੰਮਦ ਖੁਰਸ਼ੀਦ ਨੇ ਦੱਸਿਆ ਕਿ ਮੁੰਨਾ, ਡਬਲ ਅਤੇ ਬਾਬੂ ਨੇ ਉਨ੍ਹਾਂ ਦੇ ਪਿਤਾ ਦਾ ਕਤਲ ਕੀਤਾ ਹੈ। ਹਮੀਦ ਆਪਣੇ ਪੁੱਤਰ ਪੱਪੂ ਨਾਲ ਰਹਿੰਦੇ ਸਨ। ਉਸ ਨੇ ਇਹ ਵੀ ਦੱਸਿਆ ਕਿ ਬਟਵਾਰੇ ਨੂੰ ਲੈ ਕੇ ਪਿਤਾ-ਪੁੱਤਰਾਂ ਵਿਚਕਾਰ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੇ ਪਿਤਾ ਨੇ ਕੁਝ ਜ਼ਮੀਨ ਵੇਚੀ ਸੀ ਅਤੇ ਮੁਲਜ਼ਮ ਉਸ ਵਿੱਚ ਹਿੱਸੇ ਦੀ ਮੰਗ ਕਰ ਰਹੇ ਸਨ। ਥਾਣਾ ਖੇਤਰ ਦੇ ਅਧਿਕਾਰੀ ਪ੍ਰਸ਼ਾਂਤ ਕੁਮਾਰ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਪੁੱਤਰਾਂ ਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।