ਮੁੱਲਾਂਪੁਰ ਦਾਖਾ – ਪੱਖੋਵਾਲ ਦੇ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਸਿਮਰਨਜੀਤ ਕੌਰ ਵਾਸੀ ਟੂਸੇ ਨੂੰ ਬੰਦੀ ਬਣਾਏ ਜਾਣ, ਕੁੱਟਮਾਰ ਕਰਨ ਅਤੇ ਜਾਤੀਸੂਚਕ ਗਾਲਾਂ ਕੱਢਣ ਦੀ ਘਟਨਾ ਤੋਂ ਇਕ ਹਫ਼ਤੇ ਬਾਅਦ ਸੁਧਾਰ ਪੁਲਸ ਨੇ 3 ਜਣਿਆ ’ਤੇ ਮੁਕੱਦਮਾ ਦਰਜ ਕੀਤਾ। ਥਾਣਾ ਸੁਧਾਰ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਸਿਮਰਨਜੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਉਸ ਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ। ਨੌਕਰੀ ਤੋਂ ਕੱਢੇ ਜਾਣ ਦਾ ਕਾਰਨ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਹੱਥ ’ਤੇ ਬਣੇ ਟੈਟੂ ਬਾਰੇ ਸ਼ਿਕਾਇਤ ਦੱਸੀ ਗਈ।
24 ਦਸੰਬਰ ਨੂੰ ਸਕੂਲ ’ਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਜਦੋਂ ਉਹ ਕਮੇਟੀ ਅਤੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਗਈ ਤਾਂ ਉਸ ਨੂੰ ਘੜੀਸ ਕੇ ਰਿਹਾਇਸ਼ੀ ਕਮਰਿਆਂ ’ਚ ਲੈ ਗਏ, ਬੰਦੀ ਬਣਾ ਕੇ ਰੱਖਿਆ, ਉਸ ਦੀ ਕੁੱਟਮਾਰ ਕੀਤੀ ਅਤੇ ਜਾਤੀ ਆਧਾਰਿਤ ਗਾਲੀ-ਗਲੋਚ ਵੀ ਕੀਤਾ। ਇਸ ਦੌਰਾਨ ਉਸ ਦੀ ਸਹੇਲੀ ਆਇਸ਼ਾ ਰਾਣੀ, ਵਾਸੀ ਅਕਾਲਗੜ੍ਹ ਮਿੰਨਤਾਂ ਕਰਦੀ ਰਹੀ ਅਤੇ ਰੌਲਾ ਪਾਉਂਦੀ ਰਹੀ ਪਰ ਮੁਲਜ਼ਮਾਂ ਨੇ ਗੱਲ ਨਹੀਂ ਮੰਨੀ। ਆਇਸ਼ਾ ਨੇ ਸੁਧਾਰ ਦੀ ਚੇਅਰਪਰਸਨ ਰੀਨਾ ਕੁਮਾਰੀ ਨੂੰ ਫੋਨ ਕਰ ਕੇ ਮੌਕੇ ’ਤੇ ਬੁਲਾਇਆ। ਸਮਾਗਮ ਖ਼ਤਮ ਹੋਣ ਤੋਂ ਬਾਅਦ ਹੀ ਮੁਲਜ਼ਮਾਂ ਨੇ ਉਸ ਨੂੰ ਬਾਹਰ ਕੱਢਿਆ।
ਥਾਣਾ ਮੁਖੀ ਨੇ ਦੱਸਿਆ 3 ਮੁਲਜ਼ਮਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ, ਜਿਸ ਵਿਚ ਸਕੂਲ ਦੇ ਪ੍ਰਧਾਨ ਭੁਪਿੰਦਰ ਸਿੰਘ ਧਾਲੀਵਾਲ, ਪ੍ਰਿੰ. ਮਨਜੀਤ ਕੌਰ, ਰੁਪਿੰਦਰਜੀਤ ਕੌਰ ਸ਼ਾਮਲ ਹਨ, ਜੇਕਰ ਜਾਂਚ ’ਚ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਵੀ ਕੇਸ ’ਚ ਨਾਮਜ਼ਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਾਤੀਸੂਚਕ ਗਾਲਾਂ ਕੱਢਣ ਦੀ ਪੁਸ਼ਟੀ ਲਈ ਸੀ. ਸੀ. ਟੀ. ਵੀ. ਅਤੇ ਵੀਡੀਓ ਫੁਟੇਜ ਦੀ ਜਾਂਚ ਕੀਤੀ ਜਾਵੇਗੀ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਇਸ ਤੋਂ ਬਾਅਦ ਮੁਕੱਦਮੇ ਦੀਆਂ ਧਾਰਾਵਾਂ ’ਚ ਵਾਧਾ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਏ. ਐੱਸ. ਆਈ. ਹਰਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ।