Sunday, July 20, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIAਤਿੰਨ ਰੋਜਾ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ 12 ਤੋਂ 14 ਜੂਨ ਤੱਕ ਨਵੀਂ...

ਤਿੰਨ ਰੋਜਾ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ 12 ਤੋਂ 14 ਜੂਨ ਤੱਕ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ

 

ਨਵੀਂ ਦਿੱਲੀ, 11 ਜੂਨ, 2025:
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਵੱਲੋਂ ਆਪਣੀ 12ਵੀਂ ਰਾਸ਼ਟਰੀ ਗੱਤਕਾ (ਪੁਰਸ਼ ਤੇ ਮਹਿਲਾ) ਚੈਂਪੀਅਨਸ਼ਿਪ 12 ਤੋਂ 14 ਜੂਨ, 2025 ਤੱਕ ਨਵੀਂ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਸ ਕੌਮੀ ਪੱਧਰ ਦੇ ਮਾਰਸ਼ਲ ਆਰਟ ਟੂਰਨਾਮੈਂਟ ਵਿੱਚ 16 ਰਾਜਾਂ ਦੀਆਂ ਗੱਤਕਾ ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿੱਚ ਵੱਖ-ਵੱਖ ਰਾਜਾਂ ਦੇ 500 ਤੋਂ ਵੱਧ ਮੁੰਡੇ ਅਤੇ ਕੁੜੀਆਂ ਤਿੰਨ ਦਿਨਾਂ ਤੱਕ ਗੱਤਕਾ ਸੋਟੀ ਅਤੇ ਫਰੀ-ਸੋਟੀ ਵਿੱਚ ਰੋਮਾਂਚਕ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਦੀ ਲੜੀ ਵਿੱਚ ਹਿੱਸਾ ਲੈਣਗੀਆਂ।
ਇਸ ਸਮਾਗਮ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਪੇਸ਼ੇਵਰ ਬਣਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉੱਭਰ ਰਹੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਰਾਸ਼ਟਰੀ ਪਲੇਟਫਾਰਮ ਪ੍ਰਦਾਨ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਸਾਡੇ ਲੰਬੇ ਸਮੇਂ ਦੇ ‘ਵਿਜ਼ਨ ਦਸਤਾਵੇਜ਼-2030’ ਦਾ ਹਿੱਸਾ ਹੈ ਤਾਂ ਜੋ ਗੱਤਕੇ ਨੂੰ ਇੱਕ ਰਵਾਇਤੀ ਮਾਰਸ਼ਲ ਆਰਟ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਖੇਡ ਬਣਾਇਆ ਜਾ ਸਕੇ। ਸਾਡਾ ਉਦੇਸ਼ ਤਕਨੀਕੀ ਮਿਆਰਾਂ ਨੂੰ ਵਧਾ ਕੇ, ਮਿਸ਼ਰਤ ਮੁਕਾਬਲਿਆਂ ਰਾਹੀਂ ਲਿੰਗ ਸਮਾਨਤਾ ਨੂੰ ਯਕੀਨੀ ਬਣਾ ਕੇ ਅਤੇ ਆਈ.ਟੀ.-ਅਧਾਰਤ ਟੂਰਨਾਮੈਂਟ ਪ੍ਰਬੰਧਨ ਪ੍ਰਣਾਲੀਆਂ ਨੂੰ ਅਪਣਾ ਕੇ ਇਸ ਖੇਡ ਨੂੰ ਓਲੰਪਿਕ ਲਈ ਤਿਆਰ ਕਰਨਾ ਹੈ।
ਇਸੇ ਦੌਰਾਨ ਐਨ.ਜੀ.ਏ.ਆਈ. ਦੇ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਨੇ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਦੀ ਪ੍ਰਫੁੱਲਤਾ ਲਈ ਸੁਰੱਖਿਅਤ ਅਤੇ ਪ੍ਰਤੀਯੋਗੀ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਇਹ ਚੈਂਪੀਅਨਸ਼ਿਪ ਗੱਤਕੇ ਦੀ ਵਧਦੀ ਪ੍ਰਸਿੱਧੀ ਅਤੇ ਰਾਸ਼ਟਰੀ ਅਤੇ ਵਿਸ਼ਵ ਪੱਧਰ ‘ਤੇ ਇਸਨੂੰ ਉਤਸ਼ਾਹਿਤ ਕਰਨ ਲਈ ਸਾਡੀ ਐਸੋਸੀਏਸ਼ਨ ਦੇ ਯਤਨਾਂ ਦਾ ਪ੍ਰਮਾਣ ਹੈ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਅਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਇਸ ਚੈਂਪੀਅਨਸ਼ਿੱਪ ਦਾ ਉਦਘਾਟਨੀ ਸਮਾਰੋਹ 12 ਜੂਨ ਨੂੰ ਹੋਵੇਗਾ ਜਦੋਂ ਕਿ 14 ਜੂਨ ਨੂੰ ਸਮਾਪਤੀ ਸਮਾਰੋਹ ਵਿੱਚ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਐਥਲੀਟਾਂ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਐਨ.ਜੀ.ਏ.ਆਈ. ਨੇ ਖੇਡ ਪ੍ਰੇਮੀਆਂ, ਸੱਭਿਆਚਾਰਕ ਸਰਪ੍ਰਸਤਾਂ ਅਤੇ ਆਮ ਜਨਤਾ ਨੂੰ ਇਸ ਇਤਿਹਾਸਕ ਸਮਾਗਮ ਵਿੱਚ ਵੱਖ-ਵੱਖ ਰਾਜਾਂ ਦੇ ਗੱਤਕਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਇਹ ਸ਼ਾਨਦਾਰ ਮੁਕਾਬਲੇ ਦੇਖਣ ਲਈ ਨਿੱਘਾ ਸੱਦਾ ਦਿੱਤਾ ਹੈ।