ਸਮਰਾਲਾ –ਖੰਨਾ ਰੋਡ ’ਤੇ ਪੈਂਦੇ ਪਿੰਡ ਉਟਾਲਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਆਪਣੀ ਹੀ ਬੱਸ ਹੇਠ ਆ ਕੇ ਇਕ ਕੰਡਕਟਰ ਵੱਲੋਂ ਦਮ ਤੋੜ ਦੇਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਕੰਡਕਟਰ ਬੱਸ ਨੂੰ ਪਿਛਾਂਹ ਕਰਵਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਕਰੀਬ ਸਵਾ ਨੌ ਵਜੇ ਉਸ ਵਾਪਰਿਆ ਜਦੋਂ ਇਕ ਨਿੱਜੀ ਕੰਪਨੀ ਦੀ ਬੱਸ ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਇਵਰ ਚਲਾ ਰਿਹਾ ਸੀ ਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾਅ ਰਿਹਾ ਸੀ। ਪਿੰਡ ਉਟਾਲਾਂ ਨੇੜੇ ਸੜਕ ’ਤੇ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਪਿਛਾਂਹ ਕਰਵਾਉਣ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਵੱਲੋਂ ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਬੱਸ ਦੇ ਡਰਾਈਵਰ ਖ਼ਿਲਾਫ਼ ਅਣਗਹਿਲੀ ਅਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਆਪਣੇ ਪਿਛੇ ਦੋ ਸਾਲ ਦੀ ਧੀ ਤੇ ਪਤਨੀ ਨੂੰ ਛੱਡ ਗਿਆ ਹੈ। ਪੁਲਸ ਨੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤੀ ਹੈ।