ਜਲੰਧਰ/ਚੰਡੀਗੜ੍ਹ : ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਟਰੇਨ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਈ ਹੈ। ਸੂਤਰਾਂ ਮੁਤਾਬਕ ਕੋਲਕਾਤਾ ਤੋਂ ਅੰਮ੍ਰਿਤਸਰ ਲਈ ਤੁਰੀ ਟਰੇਨ ਜਲੰਧਰ ਕੋਲ ਆਪਣਾ ਰਾਹ ਭਟਕ ਗਈ। ਇਥੇ ਰਾਹਤ ਦੀ ਗੱਲ ਇਹ ਰਹੀ ਕਿ ਜਿਸ ਟਰੈਕ ‘ਤੇ ਟਰੇਨ ਜਾ ਰਹੀ ਸੀ, ਉਸ ਵੇਲੇ ਉਕਤ ਟਰੈਕ ‘ਤੇ ਕੋਈ ਹੋਰ ਟਰੇਨ ਨਹੀਂ ਆਈ, ਜਿਸ ਕਾਰਣ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਘਟਨਾ ਨੇ ਭਾਰਤੀ ਰੇਲਵੇ ਦੀ ਕਾਰਜਪ੍ਰਣਾਲੀ ‘ਤੇ ਇਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਇਹ ਅਜਿਹੀ ਅਣਗਹਿਲੀ ਹੈ, ਜਿਸ ਕਾਰਣ ਹਜ਼ਾਰਾ ਜ਼ਿੰਦਗੀਆਂ ਖ਼ਤਰੇ ਵਿਚ ਪੈ ਗਈਆਂ ਸਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਟਰੇਨ ਲਗਭਗ 30 ਮਿੰਟ ਤੱਕ ਜਲੰਧਰ ਸਟੇਸ਼ਨ ਤੋਂ ਗਲਤ ਦਿਸ਼ਾ ਵੱਲ ਵਧਦੀ ਰਹੀ। ਨਕੋਦਰ ਜੰਕਸ਼ਨ ‘ਤੇ 30 ਮਿੰਟ ਬਾਅਦ ਡਰਾਈਵਰ ਨੂੰ ਹੋਸ਼ ਆਇਆ। ਫਿਰ ਇੰਜਣ ਬਦਲ ਕੇ ਰੇਲ ਗੱਡੀ ਨੂੰ ਵਾਪਸ ਲਿਆਂਦਾ ਗਿਆ। ਇਸ ਦੌਰਾਨ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦਕਿ ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਸਵਾਲ ਵੀ ਚੁੱਕੇ ਹਨ। ਰੇਲਵੇ ਵਿਭਾਗ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿਚ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।