ਚੰਡੀਗੜ੍ਹ : ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ’ਚ ਸਾਬਕਾ ਏ. ਆਈ. ਜੀ. ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਹਰਪ੍ਰੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਦਾਲਤ ਦੇ ਸਰਵਿਸ ਬਲਾਕ ਦੀ ਦੂਜੀ ਮੰਜ਼ਿਲ ’ਤੇ ਸਥਿਤ ਵਿਚੋਲਗੀ ਕੇਂਦਰ ’ਚ ਉਸ ਨੇ ਪਿਸਤੌਲ ਨਾਲ ਤਕਰੀਬਨ 4 ਤੋਂ 8 ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ 2 ਗੋਲੀਆਂ ਹਰਪ੍ਰੀਤ ਸਿੰਘ ਨੂੰ ਲੱਗੀਆਂ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਬਾਅਦ ’ਚ ਉਸ ਦੀ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣਦਿਆਂ ਹੀ ਅਦਾਲਤ ’ਚ ਤੜਥੱਲੀ ਮਚ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ਸਥਾਨ ’ਤੇ ਸੀ. ਐੱਫ. ਐੱਸ. ਐੱਲ. ਦੀ ਟੀਮ ਨੂੰ ਵੀ ਜਾਂਚ ਲਈ ਮੌਕੇ ’ਤੇ ਬੁਲਾਇਆ ਗਿਆ। ਟੀਮ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ।
ਮਲਵਿੰਦਰ ਸਿੰਘ ਆਪਣੇ ਜਵਾਈ ਹਰਪ੍ਰੀਤ ਸਿੰਘ ਨੂੰ ਬਾਥਰੂਮ ਜਾਣ ਸਮੇਂ ਆਪਣੇ ਨਾਲ ਲੈ ਗਿਆ। ਇਸੇ ਦੌਰਾਨ ਉਸ ਨੇ ਅਚਾਨਕ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿੱਚੋਂ 2 ਗੋਲੀਆਂ ਮ੍ਰਿਤਕ ਨੂੰ ਲੱਗੀਆਂ। ਇਕ ਗੋਲੀ ਕਮਰੇ ਦੇ ਦਰਵਾਜ਼ੇ ਅੰਦਰ ਜਾ ਵੱਜੀ। ਗੋਲੀ ਦੀ ਆਵਾਜ਼ ਸੁਣਦਿਆਂ ਹੀ ਅਦਾਲਤ ‘ਚ ਹੰਗਾਮਾ ਹੋ ਗਿਆ।
ਮੌਕੇ ‘ਤੇ ਪਹੁੰਚੇ ਵਕੀਲਾਂ ਨੇ ਮੁਲਜ਼ਮ ਨੂੰ ਫੜ੍ਹ ਲਿਆ ਤੇ ਪੁਲਸ ਨੂੰ ਸੂਚਨਾ ਦਿੱਤੀ। ਗੋਲੀ ਲੱਗਣ ਤੋਂ ਬਾਅਦ ਉਹ ਵਿਚੋਲਗੀ ਕੇਂਦਰ ਦੇ ਬਾਹਰ ਗੈਲਰੀ ’ਚ ਕਰੀਬ 10 ਮਿੰਟ ਤੱਕ ਦਰਦ ਨਾਲ ਤੜਫ਼ਦਾ ਰਿਹਾ। ਉਸ ਨੂੰ ਨਿੱਜੀ ਗੱਡੀ ’ਚ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਮਲਵਿੰਦਰ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ’ਚ ਵਰਤਿਆ ਪਿਸਤੌਲ ਵੀ ਆਪਣੇ ਕਬਜ਼ੇ ’ਚ ਲੈ ਲਿਆ। ਪੁਲਸ ਨੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਪੁਲਸ ਥਾਣਾ ਸੈਕਟਰ-36 ਵਿਖੇ ਮਾਮਲਾ ਦਰਜ ਕਰ ਲਿਆ।