ਮਾਸਕੋ : ਯੂਕ੍ਰੇਨ ਵਿੱਚ ਚੱਲ ਰਹੀ ਜੰਗ ਵਿੱਚ ਰੂਸੀ ਫੌਜ ਵਿੱਚ ਭਰਤੀ ਦੋ ਭਾਰਤੀਆਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਅਜਿਹੀਆਂ ਮੌਤਾਂ ਦੀ ਗਿਣਤੀ ਚਾਰ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਨੇ ਇਹ ਮੁੱਦਾ ਰੂਸ ਕੋਲ ਉਠਾਇਆ ਹੈ ਅਤੇ ਕਿਹਾ ਹੈ ਕਿ ਰੂਸੀ ਫੌਜ ਵਿੱਚ ਭਾਰਤੀਆਂ ਦੀ ਭਰਤੀ ਤੁਰੰਤ ਬੰਦ ਕੀਤੀ ਜਾਵੇ। ਇਸ ਦੇ ਨਾਲ ਹੀ ਰੂਸੀ ਫੌਜ ਵਿੱਚ ਵਰਤਮਾਨ ਵਿੱਚ ਸੇਵਾ ਕਰ ਰਹੇ ਸਾਰੇ ਭਾਰਤੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਮੰਤਰਾਲੇ ਨੇ ਲੋਕਾਂ ਨੂੰ ਰੂਸ ਵਿਚ ਕੰਮ ਕਰਦੇ ਸਮੇਂ ਸਾਵਧਾਨ ਰਹਿਣ ਲਈ ਵੀ ਕਿਹਾ ਹੈ।ਦੇਸ਼ ਮੰਤਰਾਲੇ ਨੇ ਕਿਹਾ, “ਸਾਨੂੰ ਇਹ ਦੱਸਦਿਆਂ ਅਫਸੋਸ ਹੈ ਕਿ ਰੂਸ ਅਤੇ ਯੂਕ੍ਰੇਨ ਵਿਚਕਾਰ ਹਾਲ ਹੀ ਵਿੱਚ ਹੋਏ ਸੰਘਰਸ਼ ਵਿੱਚ ਰੂਸੀ ਫੌਜ ਦੁਆਰਾ ਭਰਤੀ ਕੀਤੇ ਗਏ ਦੋ ਭਾਰਤੀ ਨਾਗਰਿਕ ਮਾਰੇ ਗਏ ਹਨ।” ਉਨ੍ਹਾਂ ਨੇ ਕਿਹਾ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਮਾਸਕੋ ਵਿੱਚ ਸਾਡੇ ਦੂਤਘਰ ਨੇ ਰੂਸੀ ਅਧਿਕਾਰੀਆਂ ‘ਤੇ ਜਲਦੀ ਤੋਂ ਜਲਦੀ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਦਬਾਅ ਪਾਇਆ ਹੈ।