ਐਤਵਾਰ ਨੂੰ ਸੰਯੁਕਤ ਰਾਜ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਵਿੱਚ ਇੱਕ ਰਾਕੇਟ ਹਮਲੇ ਲਈ ਲੇਬਨਾਨ ਅਧਾਰਤ ਹਿਜ਼ਬੁੱਲਾ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਵਿੱਚ ਇੱਕ ਫੁਟਬਾਲ ਦੇ ਮੈਦਾਨ ਵਿੱਚ 12 ਬੱਚਿਆਂ ਅਤੇ ਕਿਸ਼ੋਰਾਂ ਦੀ ਮੌਤ ਹੋ ਗਈ ਅਤੇ ਨਾਲ ਹੀ ਮੱਧ ਪੂਰਬ ਵਿੱਚ ਵਿਆਪਕ ਯੁੱਧ ਦਾ ਖਤਰਾ ਪੈਦਾ ਹੋਇਆ ਹੈ। ਵਾਈਟ ਹਾਊਸ ਨੇ ਕਿਹਾ ਕਿ ਹਮਲਾ ਲੇਬਨਾਨੀ ਸਮੂਹ ਹਿਜ਼ਬੁੱਲਾ ਦੁਆਰਾ ਕੀਤਾ ਗਿਆ ਸੀ। ਇਹ ਉਨ੍ਹਾਂ ਦਾ ਰਾਕੇਟ ਸੀ, ਅਤੇ ਉਨ੍ਹਾਂ ਦੇ ਨਿਯੰਤਰਣ ਵਾਲੇ ਖੇਤਰ ਤੋਂ ਲਾਂਚ ਕੀਤਾ ਗਿਆ ਸੀ। ਟੋਕੀਓ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਇਜ਼ਰਾਇਲ ਪ੍ਰਤੀ ਸਮਰੱਥਨ ਦੀ ਵਚਨਬੱਧਤਾ ਪ੍ਰਗਟਾਈ ਪਰ ਨਾਲ ਹੀ ਕਿਹਾ ਕਿ ਉਹ ਇਸ ਸੰਘਰਸ਼ ਨੂੰ ਹੋਰ ਵੱਧਦਾ ਹੋਇਆ ਨਹੀਂ ਦੇਖਣਾ ਚਾਹੁੰਦੇ। ਇਸ ਦੇ ਨਾਲ ਹੀ ਬਲਿੰਕਨ ਨੇ ਕਿਹਾ ਕਿ ਵਾਸ਼ਿੰਗਟਨ ਇਜ਼ਰਾਈਲ-ਲੇਬਨਾਨ ਸਰਹੱਦ ‘ਤੇ ਹਮਲਿਆਂ ਨੂੰ ਖਤਮ ਕਰਨ ਲਈ ਕੂਟਨੀਤਕ ਹੱਲ ‘ਤੇ ਕੰਮ ਕਰ ਰਿਹਾ ਹੈ।
ਬਲਿੰਕਨ ਨੇ ਕਿਹਾ ਕਿ ਉਹ ਜਾਨਾਂ ਦੇ ਨੁਕਸਾਨ ਤੋਂ ਦੁਖੀ ਹਨ ਅਤੇ ਗਾਜ਼ਾ ਵਿੱਚ ਜੰਗਬੰਦੀ ਸਮਝੌਤੇ ‘ਤੇ ਪਹੁੰਚਣ ਨਾਲ ਲੇਬਨਾਨ-ਇਜ਼ਰਾਈਲ ਦੀ ਸਰਹੱਦ ‘ਤੇ ਸਥਿਤੀ ਨੂੰ ਸ਼ਾਂਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਉਸ ਟਕਰਾਅ ਨੂੰ ਘੱਟ ਕਰਨ ਵਿੱਚ ਮਦਦ ਕਰੀਏ, ਨਾ ਸਿਰਫ ਇਸਨੂੰ ਵਧਣ ਤੋਂ ਰੋਕੀਏ, ਸਗੋਂ ਇਸਨੂੰ ਫੈਲਣ ਤੋਂ ਰੋਕੀਏ, ਇਸਨੂੰ ਘੱਟ ਕਰੀਏ ਕਿਉਂਕਿ ਇਜ਼ਰਾਈਲ ਅਤੇ ਲੇਬਨਾਨ ਦੋਵਾਂ ਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਹਨ, ਜੋ ਆਪਣੇ ਘਰਾਂ ਤੋਂ ਵਿਸਥਾਪਿਤ ਹੋਏ ਹਨ।
ਇਸ ਤੋਂ ਇਲਾਵਾ ਯੂਐਸ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਐਤਵਾਰ ਨੂੰ ਬਲਿੰਕਨ ਦੇ ਬਿਆਨ ਨੂੰ ਦੁਹਰਾਇਆ। ਸ਼ੂਮਰ ਨੇ ਸੀਬੀਐਸ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਇਜ਼ਰਾਈਲ ਨੂੰ ਹਿਜ਼ਬੁੱਲ੍ਹਾ ਦੇ ਵਿਰੁੱਧ ਆਪਣਾ ਬਚਾਅ ਕਰਨ ਦਾ ਪੂਰਾ ਅਧਿਕਾਰ ਹੈ, ਜਿਵੇਂ ਕਿ ਉਹ ਹਮਾਸ ਦੇ ਵਿਰੁੱਧ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵਿਆਪਕ ਯੁੱਧ ਚਾਹੁੰਦਾ ਹੈ। ਇਸ ਲਈ ਮੈਨੂੰ ਉਮੀਦ ਹੈ ਕਿ ਤਣਾਅ ਘਟਾਉਣ ਲਈ ਕਦਮ ਚੁੱਕੇ ਜਾਣਗੇ।