ਬੈਂਗਲੁਰੂ- ਦੁਨੀਆ ਭਰ ਨੂੰ ਦਹਿਲਾ ਚੁੱਕੀ ਕੋਵਿਡ-19 (ਕੋਰੋਨਾ ਮਹਾਮਾਰੀ) ਤੋਂ ਬਾਅਦ ਹੁਣ ਚੀਨ ‘ਚ HMPV ਯਾਨੀ ਕਿ ਹਿਊਮਨ ਮੈਟਾਪਨੀਓਮੋਵਾਇਰਸ ਨਾਂ ਦਾ ਵਾਇਰਸ ਫੈਲਿਆ ਹੋਇਆ ਹੈ। ਹੁਣ ਭਾਰਤ ਵਿਚ ਵੀ ਇਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸ ਦਾ ਪਹਿਲਾ ਕੇਸ ਬੈਂਗਲੁਰੂ ਵਿਚ ਸਾਹਮਣੇ ਆਇਆ ਹੈ। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਇਕ ਹਸਪਤਾਲ ਵਿਚ 8 ਮਹੀਨੇ ਦੀ ਬੱਚੀ ‘ਚ HMPV ਵਾਇਰਸ ਮਿਲਿਆ ਹੈ।
ਬੈਂਗਲੁਰੂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਸ ਮਾਮਲੇ ਦੀ ਰਿਪੋਰਟ ਆਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕੇਸ ਨਾਲ ਜੁੜੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ। ਕਰਨਾਟਕ ਸਿਹਤ ਵਿਭਾਗ ਨੇ ਬੱਚੀ ਵਿਚ HMPV ਦੀ ਪੁਸ਼ਟੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਬੱਚੀ ਦੇ ਮੈਡੀਕਲ ਟੈਸਟ ਪਾਜ਼ੇਟਿਵ ਆਏ ਸਨ। ਦੱਸ ਦੇਈਏ ਕਿ HMPV ਵਾਇਰਸ ਆਮ ਤੌਰ ‘ਤੇ ਬੱਚਿਆਂ ਵਿਚ ਹੀ ਹੁੰਦਾ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ HMPV ਦਾ ਉਹੀ ਸਟ੍ਰੇਨ ਹੈ ਜਾਂ ਨਹੀਂ, ਜੋ ਚੀਨ ਵਿਚ ਫੈਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਵਿਚ ਸਾਹ ਲੈਣ ਵਿਚ ਮੁਸ਼ਕਲ ਅਤੇ ਫਲੂ ਵਰਗੇ ਲੱਛਣ ਦੇਖੇ ਜਾਂਦੇ ਹਨ।
ਇਸ ਵਾਇਰਸ ਨੂੰ ਹਿਊਮਨ ਮੈਟਾਪਨੀਓਮੋਵਾਇਰਸ ਜਾਂ HMPV ਵਾਇਰਸ ਕਿਹਾ ਜਾਂਦਾ ਹੈ, ਜਿਸ ਦੇ ਲੱਛਣ ਆਮ ਸਰਦੀ- ਜ਼ੁਕਾਮ ਵਰਗੇ ਹੀ ਹੁੰਦੇ ਹਨ। ਆਮ ਮਾਮਲਿਆਂ ਵਿਚ ਇਹ ਖੰਘ, ਵਗਦਾ ਨੱਕ ਜਾਂ ਗਲੇ ਵਿਚ ਖਰਾਸ਼ ਦਾ ਕਾਰਨ ਬਣਦਾ ਹੈ। HMPV ਦੀ ਲਾਗ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਗੰਭੀਰ ਹੋ ਸਕਦੀ ਹੈ। ਇਹ ਵਾਇਰਸ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਵਿਚ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ।