ਫਿਰੋਜ਼ਪੁਰ: ਬੀਤੇ ਕੱਲ੍ਹ ਮੁਕੰਮਲ ਹੋਈਆਂ ਪੰਚਾਇਤੀ ਚੋਣਾਂ ਵਿਚ ਜੇਲ੍ਹ ਅੰਦਰ ਬੈਠਾ ਨੌਜਵਾਨ ਪਿੰਡ ਦਾ ਸਰਪੰਚ ਬਣ ਗਿਆ ਹੈ। ਉਸ ਨੇ ਜੇਲ੍ਹ ਅੰਦਰੋਂ ਹੀ ਪੰਚਾਇਤੀ ਚੋਣਾਂ ਦੇ ਕਾਗਜ਼ ਦਾਖ਼ਲ ਕੀਤੇ ਸੀ ਤੇ ਪਿੰਡ ਵਾਲਿਆਂ ਨੇ ਜੇਲ੍ਹ ‘ਚ ਬੈਠੇ ਨੂੰ ਹੀ ਸਰਪੰਚ ਵੀ ਬਣਾ ਦਿੱਤਾ ਹੈ। ਫਿਰੋਜ਼ਪੁਰ ਦੇ ਪਿੰਡ ਮੱਧਰੇ ਤੋਂ ਰਵੀ ਕੁਮਾਰ ਨਾਂ ਦਾ ਨੌਜਵਾਨ ਪੰਚਾਇਤੀ ਚੋਣਾਂ ਵਿਚ ਜੇਤੂ ਰਿਹਾ ਹੈ, ਜੋ ਇਸ ਵੇਲੇ ਫਿਰੋਜ਼ਪੁਰ ਦੀ ਜੇਲ੍ਹ ਵਿਚ ਬੰਦ ਹੈ।
ਜਾਣਕਾਰੀ ਮੁਤਾਬਕ ਪਿੰਡ ਮੱਧਰੇ ਵਿਚ ਕੁੱਲ 290 ਵੋਟਾਂ ਹਨ। ਇਨ੍ਹਾਂ ਵਿਚੋਂ 272 ਵੋਟਰਾਂ ਨੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਸੀ। ਇਨ੍ਹਾਂ ਵਿਚੋਂ 137 ਵੋਟਾਂ ਰਵੀ ਕੁਮਾਰ ਨੂੰ ਪਈਆਂ ਤੇ ਉਹ ਜੇਤੂ ਐਲਾਨ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਪਿੰਡ ਵਾਸੀਆਂ ਨਾਲ ਖੁਸ਼ੀ ਮਨਾਈ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤ ਕਿਸੇ ਜਾਅਲਸਾਜ਼ੀ ਦਾ ਸ਼ਿਕਾਰ ਹੋਇਆ ਹੈ, ਜਿਸ ਕਰ ਕੇ ਉਹ ਜੇਲ੍ਹ ਵਿਚ ਬੈਠਾ ਹੈ। ਉਹ ਛੇਤੀ ਛੁੱਟ ਕੇ ਬਾਹਰ ਆਵੇਗਾ ਤੇ ਫ਼ਿਰ ਇਸ ਪਿੰਡ ਦਾ ਵਿਕਾਸ ਕਰੇਗਾ।
ਰਵੀ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ ਬੜੀ ਮਿਹਨਤ ਕੀਤੀ ਹੈ। ਇਹ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਪਰਾਲੇ ਕਰਦਾ ਹੈ। ਉਸ ਨੇ ਘੋੜੀਆਂ ਰੱਖੀਆਂ ਹੋਈਆਂ ਹਨ, ਅਖਾੜੇ ਬਣਾਏ ਹਨ ਤੇ ਕੁਸ਼ਤੀਆਂ ਕਰਵਾਉਂਦਾ ਹੈ। ਲੋਕ ਇਸ ਨੂੰ ਪਿਆਰ ਕਰਦੇ ਹਨ। ਉਹ ਸਿਆਸਤ ਦੀ ਭੇਟ ਚੜ੍ਹ ਕੇ ਅੱਜ ਜੇਲ੍ਹ ਵਿਚ ਬੈਠਾ ਹੈ, ਪਰ ਸਾਨੂੰ ਅਦਾਲਤ ਅਤੇ ਨਿਆਂ ਪ੍ਰਕੀਰਿਆ ‘ਤੇ ਪੂਰਾ ਭਰੋਸਾ ਹੈ ਕਿ ਉਹ ਛੇਤੀ ਜਿੱਤ ਕੇ ਬਾਹਰ ਆਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇ ਉਹ ਜੇਲ੍ਹ ਦੀ ਬਜਾਏ ਬਾਹਰ ਹੁੰਦਾ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਸਰਬਸੰਮਤੀ ਨਾਲ ਹੀ ਸਰਪੰਚ ਬਣਾ ਦੇਣਾ ਸੀ।