ਨਿਊਯਾਰਕ – ਨਿਊਯਾਰਕ ਤੋਂ ਇਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਵਿਅਕਤੀ ਨੇ ਸਟੇਸ਼ਨ ‘ਤੇ ਖੜ੍ਹੀ ਮੈਟਰੋ ਟਰੇਨ ਵਿਚ ਸੁੱਤੀ ਪਈ ਔਰਤ ਨੂੰ ਅੱਗ ਲਗਾ ਦਿੱਤੀ ਅਤੇ ਫਿਰ ਬੈਠ ਕੇ ਵੇਖਦਾ ਰਿਹਾ। ਕਾਤਲ ਨੇ ਕੋਨੀ ਆਈਲੈਂਡ-ਸਟਿਲਵੈਲ ਐਵੇਨਿਊ ਸਟੇਸ਼ਨ ‘ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਥੇ ਹੀ ਸਿਟੀ ਪੁਲਸ ਨੇ ਐਲਾਨ ਕੀਤਾ ਕਿ ਉਨ੍ਹਾਂ ਇਕ ਔਰਤ ਦੀ ਤੜਕੇ ਹੋਈ ਮੌਤ ਦੇ ਮਾਮਲੇ ਵਿੱਚ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਇਸ ਸ਼ੱਕੀ ਵਿਅਕਤੀ ਦੀ ਫੋਟੋ ਜਾਰੀ ਕਰਕੇ ਪਤਾ ਦੱਸਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤੀ ਸੀ। ਟਰਾਂਜ਼ਿਟ ਪੁਲਸ ਨੇ ਹਾਈ ਸਕੂਲ ਦੇ 3 ਵਿਦਿਆਰਥੀਆਂ ਤੋਂ ਮਿਲੀ ਸੂਚਨਾ ਮਿਲਣ ਤੋਂ ਬਾਅਦ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਵਿਅਕਤੀ ਨੂੰ ਪਛਾਣ ਲਿਆ ਸੀ।
ਨਿਊਯਾਰਕ ਸਿਟੀ ਪੁਲਸ ਕਮਿਸ਼ਨਰ ਜੈਸਿਕਾ ਟਿਸ਼ ਨੇ ਕਿਹਾ ਕਿ ਸ਼ੱਕੀ ਅਤੇ ਔਰਤ ਦੋਵੇਂ ਮੈਟਰੋ ਟਰੇਨ ਵਿਚ ਸਵਾਰ ਸਨ। ਨਿਗਰਾਨੀ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸਵੇਰੇ 7:30 ਵਜੇ ਜਦੋਂ ਟਰੇਨ ਸਟੇਸ਼ਨ ‘ਤੇ ਖੜ੍ਹੀ ਸੀ ਤਾਂ ਇੱਕ ਵਿਅਕਤੀ ਪੀੜਤਾ ਕੋਲ ਪਹੁੰਚਿਆ ਜੋ ਟਰੇਨ ਵਿਚ ਬੈਠੀ ਸੀ ਅਤੇ ਸੰਭਾਵਤ ਤੌਰ ‘ਤੇ ਸੌਂ ਰਹੀ ਸੀ। ਫਿਰ ਹਮਲਾਵਰ ਨੇ ਔਰਤ ਦੇ ਕੱਪੜਿਆਂ ਨੂੰ ਲਾਈਟਰ ਨਾਲ ਅੱਗ ਲਗਾ ਦਿੱਤੀ। ਸਕਿੰਟਾਂ ਵਿੱਚ ਹੀ ਔਰਤ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ। ਹਮਲਾਵਰ ਉਸ ਨੂੰ ਸੜਦਾ ਹੋਇਆ ਦੇਖਦਾ ਰਿਹਾ। ਧੂੰਏਂ ਅਤੇ ਅੱਗ ਨੂੰ ਦੇਖ ਕੇ ਉਥੇ ਮੌਜੂਦ ਸੁਰੱਖਿਆ ਕਰਮਚਾਰੀ ਮਹਿਲਾ ਕੋਲ ਪਹੁੰਚੇ ਅਤੇ ਤੁਰੰਤ ਅੱਗ ਬੁਝਾਈ ਪਰ ਉਦੋਂ ਤੱਕ ਔਰਤ ਬੁਰੀ ਤਰ੍ਹਾਂ ਨਾਲ ਝੁਲਸ ਚੁੱਕੀ ਸੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।