ਲੁਧਿਆਣਾ- ਮੰਗਲਵਾਰ ਦੀ ਰਾਤ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਤੋਂ ਰੋਕਣ ’ਤੇ ਗੁੱਸੇ ’ਚ ਆਏ ਨੌਜਵਾਨਾਂ ਨੇ ਪੁਲਸ ਮੁਲਾਜ਼ਮ ’ਤੇ ਇੱਟਾਂ ਨਾਲ ਵਾਰ ਕਰ ਦਿੱਤਾ। ਜਦੋਂਕਿ ਏ. ਐੱਸ. ਆਈ. ਵਾਲ-ਵਾਲ ਬਚ ਗਿਆ। ਜ਼ਖਮੀ ਮੁਲਾਜ਼ਮ ਨੂੰ ਰਾਤ ਨੂੰ ਆਟੋ ਚਾਲਕਾਂ ਨੇ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ, ਜਿਥੋਂ ਸੀ. ਐੱਮ. ਸੀ. ’ਚ ਰੈਫਰ ਕਰ ਦਿੱਤਾ ਗਿਆ।
ਮਾਮਲੇ ਸਬੰਧੀ ਥਾਣਾ ਕੋਤਵਾਲੀ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮਿਲੀ ਜਾਣਕਾਰੀ ਮੁਤਾਬਕ ਰਾਤ ਨੂੰ ਕਰੀਬ ਡੇਢ ਵਜੇ ਮੋਟਰਸਾਈਕਲਾਂ ’ਤੇ ਸਵਾਰ 4 ਨੌਜਵਾਨ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਰਾਬ ਪੀ ਰਹੇ ਸਨਸ ਦੌਰਾਨ ਚਾਰੇ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਸਨ ਤਾਂ ਨੇੜੇ ਹੀ ਰੇਲਵੇ ਸਟੇਸ਼ਨ ਦੇ ਬਾਹਰ ਲੱਗੇ ਨਾਕੇ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਇਸ ਦੌਰਾਨ ਉਨ੍ਹਾਂ ਦੀ ਆਪਸ ’ਚ ਬਹਿਸ ਹੋ ਗਈ, ਜਿਸ ’ਤੇ ਪੁਲਸ ਮੁਲਾਜ਼ਮ ਨੇ ਸਖਤੀ ਦਿਖਾਉਂਦੇ ਹੋਏ ਇਕ ਨੌਜਵਾਨ ਦੇ ਥੱਪੜ ਮਾਰ ਕੇ ਨੌਜਵਾਨਾਂ ਨੂੰ ਭਜਾ ਦਿੱਤਾ।
ਇਸ ਦੌਰਾਨ ਨੌਜਵਾਨ ਉਥੋਂ ਚਲੇ ਗਏ ਅਤੇ ਪੁਲਸ ਮੁਲਾਜ਼ਮ ਨਾਕੇ ’ਤੇ ਡਿਊਟੀ ਕਰਨ ਲੱਗੇ ਪਰ ਕੁਝ ਹੀ ਮਿੰਟਾਂ ਬਾਅਦ ਮੋਟਰਸਾਈਕਲ ਸਵਾਰ ਐਲੀਵੇਟਿਡ ਪੁਲ ’ਤੇ ਆ ਗਏ ਅਤੇ ਉਥੋਂ ਜਾ ਕੇ ਪੁਲਸ ਮੁਲਾਜ਼ਮਾਂ ’ਤੇ ਇੱਟਾਂ ਮਾਰਨ ਲੱਗੇ। ਇਸ ਦੌਰਾਨ ਇਕ ਇੱਟ ਮੁਲਾਜ਼ਮ ਵਿਜੇ ਕੁਮਾਰ ਨੂੰ ਲੱਗੀ ਅਤੇ ਦੂਜਾ ਉਸ ਦਾ ਸਾਥੀ ਵਾਲ-ਵਾਲ ਬਚ ਗਿਆ। ਨੌਜਵਾਨ ਪੁਲ ਤੋਂ ਹੀ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਰਹੇ ਅਤੇ ਬਾਅਦ ’ਚ ਫਰਾਰ ਹੋ ਗਏ।