ਫਾਜ਼ਿਲਕਾ-ਫਾਜ਼ਿਲਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਚੱਲਦੇ ਵਿਆਹ ਸਮਾਗਮ ‘ਚ, ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਕੁਝ ਨੌਜਵਾਨਾਂ ਨੇ ਧਰਮਸ਼ਾਲਾ ‘ਚ ਆ ਕੇ ਹੰਗਾਮਾ ਕਰ ਦਿੱਤਾ ਤੇ ਇਸ ਦੌਰਾਨ ਦੋਹਾਂ ਪਾਸਿਓਂ ਤੇਜ਼ਧਾਰ ਹਥਿਆਰ ਚੱਲ ਗਏ। ਇਸ ਦੌਰਾਨ ਦੋਵਾਂ ਧਿਰਾਂ ਦੇ ਨੌਜਵਾਨ ਆਹਮੋ-ਸਾਹਮਣੇ ਆ ਗਏ, ਜਿਸ ਕਾਰਨ ਕਈ ਨੌਜਵਾਨ ਜ਼ਖ਼ਮੀ ਹੋ ਗਏ।
ਇਸ ਲੜਾਈ-ਝਗੜੇ ਤੋਂ ਬਚਦੇ ਹੋਏ ਲਾੜਾ-ਲਾੜੀ ਇੱਕ ਕਮਰੇ ਵਿੱਚ ਬੰਦ ਹੋ ਗਏ, ਜਿਨ੍ਹਾਂ ‘ਤੇ ਹਮਲਾ ਕਰਨ ਲਈ ਬਦਮਾਸ਼ਾਂ ਨੇ ਉਨ੍ਹਾਂ ਦੇ ਕਮਰੇ ਦੇ ਖਿੜਕੀਆਂ ਵੀ ਤੋੜ ਦਿੱਤੀਆਂ। ਇਸ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਪਹੁੰਚ ਕੇ ਸਥਿਤੀ ਕਾਬੂ ‘ਚ ਕਰਦਿਆਂ ਮੁਲਜ਼ਮਾਂ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਜਾਣਕਾਰੀ ਅਨੁਸਾਰ ਵਿਆਹ ਸਮਾਗਮ ਵਾਲੀ ਸ਼ਾਮ ਨੂੰ ਜਦੋਂ ਲੜਕੀ ਵਿਦਾਈ ਦੇਣ ਲੱਗੀ ਤਾਂ ਅਚਾਨਕ ਕੁਝ ਹਥਿਆਰਬੰਦ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਦੋਵਾਂ ਧਿਰਾਂ ਵਿੱਚ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਲਾੜਾ-ਲਾੜੀ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਕੇ ਆਪਣੀ ਜਾਨ ਬਚਾਈ।
ਪਰ ਹਮਲਾਵਰਾਂ ਨੇ ਉਨ੍ਹਾਂ ਨੂੰ ਮਾਰਨ ਲਈ ਕਮਰੇ ਦੀਆਂ ਖਿੜਕੀਆਂ ਤੋੜ ਦਿੱਤੀਆਂ। ਘਟਨਾ ਦਾ ਪਤਾ ਲੱਗਦੇ ਹੀ ਧਰਮਸ਼ਾਲਾ ਮੈਨੇਜਮੈਂਟ ਕਮੇਟੀ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਹਮਲਾਵਰ ਪੂਰੀ ਧਰਮਸ਼ਾਲਾ ਵਿੱਚ ਹਫੜਾ-ਦਫੜੀ ਮਚਾਉਂਦੇ ਰਹੇ। ਏ.ਐੱਸ.ਆਈ. ਭੁਪਿੰਦਰ ਸਿੰਘ ਅਤੇ ਅਮਰੀਕ ਸਿੰਘ ਸਮੇਤ ਚਾਰ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਚਾਰ ਜ਼ਖ਼ਮੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਖ਼ਬਰ ਲਿਖੇ ਜਾਣ ਤੱਕ ਨਾ ਤਾਂ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਸੀ ਅਤੇ ਨਾ ਹੀ ਕਿਸੇ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪੁਲਸ ਜ਼ਖਮੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।