ਸੂਬੇ ’ਚ ਚੋਰੀ, ਲੁੱਟਾਂ ਖੋਹ ਦਾ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਪਰ ਇਸ ਵਿਚਾਲੇ ਪੰਜਾਬ ਪੁਲਿਸ ਪੁਰੀ ਤਰ੍ਹਾਂ ਮੁਸ਼ਤੈਦ ਨਜ਼ਰ ਆ ਰਹੀ ਹੈ। ਤਾਜਾ ਮਾਮਲਾ ਮੁਹਾਲੀ ਤੋਂ ਹੈ, ਜਿੱਥੇ ਅਗਨੀਵੀਰ ਯੌਜਨਾ ’ਤੇ ਫ਼ੌਜ ’ਚ ਭਰਤੀ ਹੋਇਆ ਨੌਜਵਾਨ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗਿਆ ਤੇ ਆਖਿਰ ਫੜਿਆ ਗਿਆ। ਦਰਅਸਲ ਪੰਜਾਬ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਲੁੱਟ-ਖੋਹ ਅਤੇ ਚੋਰੀ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਸੀ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਅਗਨੀਵੀਰ ਇਸ਼ਮੀਤ ਸਿੰਘ, ਉਸ ਦੇ ਭਰਾ ਪ੍ਰਭਪ੍ਰੀਤ ਅਤੇ ਦੋਸਤ ਬਲਕਾਰ ਸਿੰਘ ਵਜੋਂ ਹੋਈ ਹੈ। ਜੋ ਕਿ ਤਿੰਨੋਂ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਕੋਲੋਂ ਡਿਜ਼ਾਇਰ ਟੈਕਸੀ, ਐਕਟਿਵਾ ਸਕੂਟੀ, ਬੁਲੇਟ ਮੋਟਰਸਾਈਕਲ, ਦੇਸੀ ਪਿਸਤੌਲ ਅਤੇ ਫ਼ੋਨ ਬਰਾਮਦ ਕੀਤੇ ਹਨ।
ਇਸ ਮਾਮਲੇ ਸੰਬੰਧੀ ਜਾਣਕਾਰੀ ਮੁਹਾਲੀ ਦੇ SSP ਸੰਦੀਪ ਗਰਗ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਇਸ਼ਮੀਤ ਸਿੰਘ ਅਗਨੀਵੀਰ ਸਕੀਮ ਤਹਿਤ 2022 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਪੱਛਮੀ ਬੰਗਾਲ ਵਿੱਚ ਤਾਇਨਾਤ ਸੀ। 2 ਮਹੀਨੇ ਪਹਿਲਾਂ ਹੀ ਇਸ਼ਮੀਤ ਨੇ ਇੱਕ ਮਹੀਨੇ ਦੀ ਛੁੱਟੀ ਲਈ ਅਤੇ ਪੱਛਮੀ ਬੰਗਾਲ ਤੋਂ ਆ ਕੇ ਉਸ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਨਾਜਾਇਜ਼ ਹਥਿਆਰ ਖਰੀਦੇ। ਇਸ ਤੋਂ ਬਾਅਦ ਉਸ ਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਇਨ੍ਹਾਂ ਹਥਿਆਰਾਂ ਨਾਲ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਨੇ ਮੁਹਾਲੀ ਜ਼ਿਲ੍ਹੇ ਦੇ ਬਿਲੌਂਗੀ ਇਲਾਕੇ ਵਿੱਚ ਇੱਕ ਕਮਰਾ ਕਿਰਾਏ ’ਤੇ ਲਿਆ। ਉਹ ਫਾਜ਼ਿਲਕਾ ਤੋਂ ਬੱਸ ਜਾਂ ਰੇਲਗੱਡੀ ਰਾਹੀਂ ਸ਼ਾਮ ਨੂੰ ਮੋਹਾਲੀ ਪਹੁੰਚ ਜਾਂਦੇ ਅਤੇ ਆਪਣੇ ਕਮਰੇ ਵਿਚ ਠਹਿਰਦੇ। ਦੇਰ ਰਾਤ ਇਹ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਇਸੇ ਗੱਡੀ ’ਚ ਫਾਜ਼ਿਲਕਾ ਵਾਪਸ ਚਲੇ ਜਾਂਦੇ ਸਨ। ਇਸ ਦੌਰਾਨ ਉਕਤ ਮੁਲਜ਼ਮਾਂ ਨੇ ਮੁਹਾਲੀ ‘ਚ 3 ਵਾਰਦਾਤਾਂ ਨੂੰ ਅੰਜਾਮ ਦਿੱਤਾ।