ਰਾਘਵ ਚੱਢਾ ਦਾ ਕਹਿਣਾ ਹੈ ਕਿ ਸਾਡੇ ਦੇਸ਼ ‘ਚ ਦੋ ਤਰ੍ਹਾਂ ਦੇ IPL ਚੱਲ ਰਹੇ ਹਨ। ਪਹਿਲਾਂ, ਗੇਂਦ ਅਤੇ ਬੱਲੇ ਦੀ ਇੱਕ ਖੇਡ ਹੁੰਦੀ ਹੈ, ਜਿਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਕਿਹਾ ਜਾਂਦਾ ਹੈ ਅਤੇ ਦੂਜਾ ਭਾਰਤੀ ਪੇਪਰ ਲੀਕ ਹੈ, ਜਿਸ ਵਿੱਚ ਦੇਸ਼ ਦੇ ਕਰੋੜਾਂ ਨੌਜਵਾਨਾਂ ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਹੈ। ਇਸ ਤਹਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਬਜਾਏ ਉਨ੍ਹਾਂ ਨੂੰ ਬਰਬਾਦ ਕਰਨ ਦਾ ਕੰਮ ਕੀਤਾ ਗਿਆ।
ਦਰਅਸਲ ਨੀਟ ਪੇਪਰ ਦੇ ਮੁੱਦੇ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਧਿਰ ਵੱਲੋਂ ਲਗਾਤਾਰ ਸੱਤਾ ਧਿਰ ਤੋਂ ਨੀਟ ਮੁੱਦੇ ਨੂੰ ਲੈ ਕੇ ਜਾਂਚ ਤੇ ਚਰਚਾ ਦਾ ਮੰਗ ਚੁੱਕੀ ਜਾ ਰਹੀ ਹੈ। ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਨੀਟ ਤੇ ਹੋਰ ਪ੍ਰੀਖਿਆਵਾਂ ਦੇ ਲੀਕ ਹੋਣ ਦੇ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ’ਤੇ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇੰਡੀਆ ਪੇਪਰ ਲੀਕ ਕਾਰਨ ਨੀਟ-ਯੂਜੀਸੀ ਨੈੱਟ ਦੀ ਪ੍ਰੀਖਿਆ ਦੇਣ ਵਾਲੇ 35 ਲੱਖ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਹੈ। ਪਿਛਲੇ 10 ਸਾਲਾਂ ਵਿੱਚ ਕੇਂਦਰ ਸਰਕਾਰ ਸਾਡੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਪ੍ਰਣਾਲੀ ਪ੍ਰਦਾਨ ਨਹੀਂ ਕਰ ਸਕੀ ਹੈ। ਇਸ ਲਈ ਇਸ ਸਰਕਾਰ ਵਿੱਚ ਵਿਆਪਮ ਘੋਟਾਲਾ, ਨੀਟ- ਯੂਜੀਸੀ ਨੈੱਟ, ਯੂਪੀ ਪੁਲਿਸ ਭਰਤੀ ਸਮੇਤ ਸਾਰੇ ਪੇਪਰ ਲੀਕ ਹੋ ਗਏ ਹਨ।
ਸੱਤਾਧਿਰ ’ਤੇ ਨਿਸ਼ਾਨਾ ਸਾਧਣ ਦੇ ਨਾਲ-ਨਾਲ ਰਾਘਵ ਚੱਢਾ ਨੇ ਦਿੱਲੀ ’ਚ ਆਮ ਆਦਮੀ ਪਾਰਟੀ ਸਰਕਾਰ ਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਦੋ ਸਿੱਖਿਆ ਪ੍ਰਣਾਲੀਆਂ ਹਨ। ਇੱਕ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਿੱਖਿਆ ਦਾ ਪ੍ਰਬੰਧ ਕੀਤਾ ਹੈ, ਜਿਸ ਦੇ ਤਹਿਤ ਦਿੱਲੀ ਵਿੱਚ ਵਿਸ਼ਵ ਪੱਧਰੀ ਸਕੂਲ ਬਣਾਏ ਗਏ ਹਨ। ਬੱਚਿਆਂ ਨੂੰ ਵਧੀਆ ਪਾਠਕ੍ਰਮ ਅਤੇ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਇੱਕ ਹੋਰ ਸਿੱਖਿਆ ਪ੍ਰਣਾਲੀ ਹੈ, ਜਿਸ ਦੇ ਤਹਿਤ ਪ੍ਰੀਖਿਆ ਮਾਫੀਆ ਪੈਦਾ ਹੋ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਲੱਖਾਂ ਬੱਚਿਆਂ ਦਾ ਭਵਿੱਖ ਹਨੇਰੇ ਦੀ ਕਗਾਰ ‘ਤੇ ਖੜ੍ਹਾ ਹੈ। 35 ਲੱਖ ਬੱਚੇ ਅੱਜ ਇਸ ਉਮੀਦ ਨਾਲ ਦੇਸ਼ ਦੀ ਸੰਸਦ ਵੱਲ ਦੇਖ ਰਹੇ ਹਨ ਕਿ ਸ਼ਾਇਦ ਉਨ੍ਹਾਂ ਦੇ ਹੱਕਾਂ ਦੀ ਗੱਲ ਹੋਵੇਗੀ।