ਸ੍ਰੀ ਅਨੰਦਪੁਰ ਸਾਹਿਬ -ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਮੰਗਲਵਾਰ ਦੂਜੇ ਦਿਨ ਦੇਸ਼ ਵਿਦੇਸ਼ ਤੋਂ ਇਥੇ ਪਹੁੰਚੀਆਂ ਸੰਗਤਾਂ ਗੁਰੂ ਘਰਾਂ ਵਿਚ ਨਤਮਸਤਕ ਹੋਈਆਂ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ। ਸਵੇਰ ਤੋਂ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ, ਗੁਰਦੁਆਰਾ ਬਾਬਾ ਸੰਗਤ ਸਿੰਘ ਜੀ, ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਅਤੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਵਿਚ ਨਤਮਸਤਕ ਹੋਣ ਲਈ ਸੰਗਤਾਂ ਲਾਈਨਾਂ ਵਿਚ ਖੜ੍ਹੇ ਹੋ ਕੇ ਇੰਤਜ਼ਾਰ ਕਰ ਰਹੀਆਂ ਸਨ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲਗਾਤਾਰ ਧਾਰਮਿਕ ਦੀਵਾਨ ਚੱਲ ਰਹੇ ਹਨ ਜਿਨ੍ਹਾਂ ਵਿਚ ਸਿੱਖ ਕੌਮ ਦੇ ਮਹਾਨ ਕੀਰਤਨੀ ਜਥਿਆਂ, ਢਾਡੀ ਜਥਿਆਂ, ਪ੍ਰਸਿੱਧ ਕਥਾਵਾਚਕਾਂ ਅਤੇ ਕਵੀਸ਼ਰੀ ਜਥਿਆਂ ਵੱਲੋਂ ਗੁਰਬਾਣੀ, ਕਥਾ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਸਮੂਹ ਗੁਰਦੁਆਰਿਆਂ ਸਾਹਿਬਾਨਾਂ ਵਿਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾ ਰਹੇ ਹਨ, ਉੱਥੇ ਹੀ ਬਾਹਰੋਂ ਆਈਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ 100 ਦੇ ਕਰੀਬ ਲੰਗਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਪਰ ਲਗਾਏ ਹੋਏ ਹਨ, ਜਿਨ੍ਹਾਂ ਵਿਚ ਸੰਗਤਾਂ ਲਈ ਦਾਲ ਫੁਲਕੇ ਤੋਂ ਇਲਾਵਾ ਜਲੇਬੀਆਂ, ਚਾਹ, ਪਕੌੜੇ, ਗੰਨੇ ਦਾ ਰਸ ਅਤੇ ਹੋਰ ਭਾਂਤ-ਭਾਂਤ ਦੇ ਪਕਵਾਨ ਸੰਗਤਾਂ ਲਈ ਵਰਤਾਏ ਜਾ ਰਹੇ ਹਨ। ਖਾਲਸਾ ਏਡ ਦੇ ਸੇਵਾਦਾਰਾਂ ਵੱਲੋਂ ਸ਼ਹਿਰ ਵਿੱਚ ਕਈ ਥਾਂ ਉੱਪਰ ਸੰਗਤਾਂ ਲਈ ਬੋਤਲਾਂ ਅਤੇ ਗਲਾਸਾਂ ਵਾਲੇ ਪਾਣੀ ਦੀ ਸੇਵਾ ਨਿਭਾਈ ਜਾ ਰਹੀ ਹੈ।

