ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ’ਚ ਪੈਂਦੀ ਚਿਮਨੀ ਰੋਡ ’ਤੇ ਦੋ ਧਿਰਾਂ ਵਿਚਕਾਰ ਪਟਾਕੇ ਚਲਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ, ਜਿਸ ਵਿੱਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਝੜਪ ਦੇ ਵਿੱਚ ਜ਼ਖਮੀ ਹੋਏ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ’ਤੇ ਇਲਜ਼ਾਮ ਲਗਾਏ ਗਏ ਹਨ। ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਚੇਤਨ ਜਿਸਨੇ ਗਲੀ ਦੇ ਵਿੱਚ ਆਪਣੀ ਦੁਕਾਨ ਦੇ ਅੱਗੇ ਪਟਾਕਾ ਚਲਾਇਆ ਸੀ ਅਤੇ ਇਸ ਦੌਰਾਨ ਨਾਲ ਦੇ ਗੁਆਂਢੀਆਂ ਨੇ ਉਸ ਨੂੰ ਪਟਾਕੇ ਚਲਾਉਣ ਤੋਂ ਰੋਕਿਆ ਹਾਲਾਂਕਿ ਸਾਰੀ ਗੱਲ ਕੱਲ ਖਤਮ ਹੋ ਗਈ ਸੀ, ਪਰ ਅੱਜ ਉਹਨਾਂ ਕਿਹਾ ਕਿ ਪਰਿਵਾਰ ਵਾਲਿਆਂ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਰਕੇ ਉਹ ਅਤੇ ਉਸਦਾ ਭਰਾ ਦੋਵੇਂ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਉਹ ਸਿਰਫ ਛੁਡਵਾਉਣ ਲਈ ਗਿਆ ਸੀ, ਪਰ ਉਸ ’ਤੇ ਵੀ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ, ਇੱਟਾਂ ਪੱਥਰ ਚਲਾਏ ਗਏ।
ਜਦੋਂ ਕਿ ਦੂਜੇ ਪਾਸੇ ਦੂਜੀ ਧਿਰ ਨੇ ਕਿਹਾ ਹੈ ਕਿ ਗਲੀ ਵਿੱਚ ਪਟਾਕੇ ਚਲਾਏ ਜਾ ਰਹੇ ਸਨ, ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਅੱਗੇ ਨਾ ਚਲਾਉਣ, ਕਿਉਂਕਿ ਉਹਨਾਂ ਦੇ ਘਰ ਛੋਟਾ ਬੱਚਾ ਹੈ, ਪਰ ਇਸ ਦੌਰਾਨ ਉਹਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਕੱਲ ਸਾਰੀ ਗੱਲ ਖਤਮ ਹੋ ਗਈ ਸੀ, ਪਰ ਅੱਜ ਉਹਨਾਂ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਸਾਡੇ ਘਰ ਦੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਸਾਡੇ ਇੱਕ ਵਿਅਕਤੀ ਦੇ ਸੱਟਾਂ ਲੱਗੀਆਂ ਹਨ। ਮਹਿਲਾ ਨੇ ਕਿਹਾ ਕਿ ਉਹ ਜਾਣ ਬੁਝ ਕੇ ਸਾਡੇ ਘਰ ਦੇ ਅੱਗੇ ਪਟਾਕੇ ਚਲਾ ਰਹੇ ਸਨ। ਵਾਰ ਵਾਰ ਰੋਕਣ ’ਤੇ ਵੀ ਉਹ ਨਹੀਂ ਰੁਕੇ, ਜਿਸ ਕਰਕੇ ਇਹ ਪੂਰਾ ਵਿਵਾਦ ਹੋਇਆ ਹੈ। ਉੱਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਅਸੀਂ ਆ ਕੇ ਮਾਮਲਾ ਸ਼ਾਂਤ ਕਰਵਾਇਆ ਹੈ ਤੇ ਮਾਮਲੇ ਦੀ ਜਾਂਚ ਕੀਤਾ ਜਾ ਰਹੀ ਹੈ।