ਮਾਈਨਿੰਗ ਮਾਫੀਆ ਹੁਣ ਪੰਜਾਬ ਹਿਮਾਚਲ ਸੀਮਾ ਦਾ ਨਾਜਾਇਜ਼ ਫਾਇਦਾ ਚੁੱਕ ਰਿਹਾ ਹੈ, ਜਾਣਕਾਰੀ ਮੁਤਾਬਕ ਪਠਾਨਕੋਟ ਦੇ ਨਾਲ ਲੱਗਦੇ ਚੱਕੀ ਦਰਿਆ ਦੇ ਕੰਢੇ ਹਿਮਾਚਲ ‘ਚ ਲਗਾਏ ਕਰੱਸ਼ਰ ਅੰਨ੍ਹੇਵਾਹ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਜਿਸ ਕਾਰਨ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੀ ਏਅਰਪੋਰਟ ਰੋਡ ਵੀ ਖਰਾਬ ਹੋ ਗਈ ਹੈ। ਇਸ ਨਾਲ ਸੂਚਨਾ ਮਿਲਦੇ ਹੀ ਪਠਾਨਕੋਟ ਪੁਲਿਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਹੈ। ਦਰਅਸਲ ਰਾਤ ਸਮੇਂ ਚੱਕੀ ਦਰਿਆ ‘ਚ ਨਾਜਾਇਜ਼ ਮਾਈਨਿੰਗ ਕਰਦੇ ਹੋਏ ਪੁਲਿਸ ਨੇ 9 ਟਰੈਕਟਰ ਟਰਾਲੀਆਂ, 1 ਟਿੱਪਰ ਅਤੇ 2 ਜੇ.ਸੀ.ਬੀ ਸਮੇਤ 12 ਵਾਹਨ ਜ਼ਬਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ 12 ਲੋਕਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਹਿਮਾਚਲ ਪੁਲਿਸ ਬਹੁਤ ਦੇਰ ਨਾਲ ਹਰਕਤ ‘ਚ ਆਈ ਹੈ, ਇਸ ਏਅਰਪੋਰਟ ਰੋਡ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਸੀ। ਜਿਸ ਦੇ ਕਾਰਨ ਹਿਮਾਚਲ ਦੇ ਮਾਜਰਾ ‘ਚ ਲਗਾਤਾਰ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ‘ਚ ਭਾਰੀ ਬਰਸਾਤ ਹੁੰਦੀ ਹੈ ਤਾਂ ਚੱਕੀ ਦਰਿਆ ਦੀ ਚਪੇਟ ‘ਚ ਏਅਰਪੋਰਟ ਰੋਡ ਵੀ ਆ ਸਕਦੀ ਹੈ, ਇੰਨਾ ਹੀ ਨਹੀਂ ਸਗੋਂ ਇਸ ਚੱਕੀ ਦਰਿਆ ‘ਤੇ ਪਠਾਨਕੋਟ ਜਲੰਧਰ ਰੇਲਵੇ ਪੁਲ ਵੀ ਖਤਰੇ ‘ਚ ਹੈ।
ਦੂਜੇ ਪਾਸੇ ਜਦੋਂ ਇਸ ਸਬੰਧੀ ਹਿਮਾਚਲ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਿਮਾਚਲ ਦੇ ਕਰੱਸ਼ਰਾਂ ਵੱਲੋਂ ਚੱਕੀ ਦਰਿਆ ਦੇ ਕੰਢੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ, ਮੌਕੇ ’ਤੇ ਛਾਪੇਮਾਰੀ ਕਰਕੇ 12 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।