ਲੁਧਿਆਣਾ: ਨਗਰ ਨਿਗਮ ’ਚ ਫਰਜ਼ੀ ਤਰੀਕੇ ਨਾਲ ਏ. ਟੀ. ਪੀ. ਅਤੇ ਐੱਮ. ਟੀ. ਪੀ. ਦੀ ਕੁਰਸੀ ’ਤੇ ਬੈਠਣ ਵਾਲਿਆਂ ਦੀ ਛੁੱਟੀ ਹੋਵੇਗੀ, ਜਿਸ ਦੇ ਤਹਿਤ ਸਰਕਾਰ ਨੇ ਸੀ. ਡੀ. ਸੀ. ਚਾਰਜ ਵਾਪਸ ਲੈਣ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਇਸ ਮਾਮਲੇ ’ਚ ‘ਜਗ ਬਾਣੀ’ ਵਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਨਗਰ ਨਿਗਮ ’ਚ ਸਰਕਾਰ ਦੀ ਮਨਜ਼ੂਰੀ ਦੇ ਬਿਨਾਂ ਐੱਸ. ਈ. ਰਣਜੀਤ ਸਿੰਘ ਨੂੰ ਐੱਮ. ਟੀ. ਪੀ. ਦਾ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 4 ਰੈਗੂਲਰ ਏ. ਟੀ. ਪੀ. ਖ਼ਾਲੀ ਬੈਠੇ ਹੋਣ ਦੇ ਬਾਵਜੂਦ ਇੰਸ. ਗੁਰਵਿੰਦਰ ਸਿੰਘ ਲੱਕੀ, ਕੁਲਜੀਤ ਮਾਂਗਟ, ਨਵਨੀਤ ਖੋਖਰ ਅਤੇ ਹੈੱਡ ਡਰਾਫਟਸਮੈਨ ਜਗਦੀਪ ਸਿੰਘ ਨੂੰ ਏ. ਟੀ. ਪੀ. ਦਾ ਚਾਰਜ ਦਿੱਤਾ ਗਿਆ ਹੈ। ਇਹ ਹਾਲਾਤ ਖਾਲੀ ਬੈਠੇ ਰੈਗੂਲਰ ਏ. ਟੀ. ਪੀ. ਰਾਜ ਕੁਮਾਰ, ਰਣਧੀਰ ਸਿੰਘ, ਸੁਨੀਲ ਕੁਮਾਰ, ਨਿਰਵਾਨ ਨੂੰ ਤਾਂ ਮਜ਼ਾਕ ਦਾ ਪਾਤਰ ਬਣਾ ਹੀ ਰਹੇ ਹਨ, ਇਸ ਨਾਲ ਕਰੰਟ ਡਿਊਟੀ ਚਾਰਜ ਦੇਣ ਬਾਰੇ ਸਰਕਾਰ ਦੇ ਨਿਰਦੇਸ਼ਾਂ ਦਾ ਵੀ ਉਲੰਘਣ ਹੋ ਰਿਹਾ ਹੈ,
ਜਿਸ ਦੇ ਮੱਦੇਨਜ਼ਰ ਲੋਕਲ ਬਾਡੀਜ਼ ਵਿਭਾਗ ਵਲੋਂ ਨਗਰ ਨਿਗਮ ਪ੍ਰਸ਼ਾਸਨ ਨੂੰ ਫਟਕਾਰ ਲਗਾਈ ਗਈ ਹੈ। ਇਸ ਸਬੰਧ ’ਚ ਜਾਰੀ ਸਰਕੂਲਰ ’ਚ ਸਾਫ਼ ਕਿਹਾ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਕਰੰਟ ਡਿਊਟੀ ਚਾਰਜ ਦੇਣ ਲਈ ਪ੍ਰਸੋਨਲ ਵਿਭਾਗ ਵਲੋਂ ਜਾਰੀ ਗਾਈਡਲਾਈਨਜ਼ ਦਾ ਪਾਲਣ ਕੀਤਾ ਜਾਵੇ, ਜਿਸ ਦੇ ਆਧਾਰ ’ਤੇ ਕਿਸੇ ਵੀ ਮੁਲਾਜ਼ਮ ਨੂੰ ਸੀ. ਡੀ. ਸੀ. ਚਾਰਜ ਦੇਣ ’ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਜਿਨ੍ਹਾਂ ਮੁਲਾਜ਼ਮਾਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ,
ਉਸ ਨੂੰ ਤੁਰੰਤ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਆਰਡਰ ’ਚ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਸੀ. ਡੀ. ਸੀ. ਚਾਰਜ਼ ਦੇਣ ਵਾਲੇ ਅਫ਼ਸਰ ਦੀ ਜ਼ਿੰਮੇਵਾਰੀ ਹੋਵੇਗੀ। ਹੁਣ ਦੇਖਣਾ ਇਹ ਹੈ ਕਿ ਗ਼ਲਤ ਤਰੀਕੇ ਨਾਲ ਦਿੱਤਾ ਗਿਆ ਏ. ਟੀ. ਪੀ. ਅਤੇ ਐੱਮ. ਟੀ. ਪੀ. ਦਾ ਚਾਰਜ ਵਾਪਸ ਲੈਣ ਦੇ ਮਾਮਲੇ ’ਚ ਕਮਿਸ਼ਨਰ ਵਲੋਂ ਕੀ ਫ਼ੈਸਲਾ ਕੀਤਾ ਜਾਵੇਗਾ

