ਫਾਜ਼ਿਲਕਾ : ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਆਪਸੀ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਨੂੰ ਵੇਖਦੇ ਹੋਏ ਫਾਜ਼ਿਲਕਾ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਦੇ ਲੋਕਾਂ ਨੇ ਹੁਣ ਆਪਣੇ ਘਰਾਂ ਦਾ ਸਮਾਨ ਇਕ ਥਾਂ ਤੋਂ ਦੂਸਰੀ ਥਾਂ ‘ਤੇ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੌਜਾ ਸਿੰਘ ਪਿੰਡ ਪੱਕਾ ਚਿਸ਼ਤੀ ਨੇ ਦੱਸਿਆ ਕਿ ਸਰਹੱਦੀ ਖੇਤਰ ਤੇ ਦੋਵਾਂ ਮੁਲਕਾਂ ਦੇ ਵਿਚਕਾਰ ਜੰਗ ਦਾ ਮਾਹੌਲ ਬਣਿਆ ਹੋਇਆ ਹੈ।ਇਸ ਨੂੰ ਵੇਖਦੇ ਹੋਏ ਉਹ ਆਪਣਾ ਘਰ ਦਾ ਸਮਾਨ ਫਾਜ਼ਿਲਕਾ ਸ਼ਹਿਰ ਤੋਂ ਅੱਗੇ ਪਿੰਡ ਪੰਚਾਂ ਵਾਲੀ ਵਿਖੇ ਪਹੁੰਚਾ ਰਹੇ ਹਨ ਉਨ੍ਹਾਂ ਦੱਸਿਆ ਕਿ 1971 ਅਤੇ 65 ਦੀ ਜੰਗ ਵੀ ਉਨ੍ਹਾਂ ਨੇ ਵੇਖੀ ਹੈ, ਜਿਸ ਵਿਚ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਅਸੀਂ ਸਮਾਨ ਛੱਡ ਕੇ ਆਪ ਵਾਪਸ ਪਿੰਡ ਵਿਚ ਹੀ ਰਹਾਂਗੇ ਜੇ ਜੰਗ ਲੱਗਦੀ ਹੈ ਤਾਂ ਸਾਨੂੰ ਕਿਤੇ ਵੀ ਭੱਜਣਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਜੰਗਾਂ ਦੌਰਾਨ ਪਾਕਿਸਤਾਨ ਵੱਲੋਂ ਸਾਡੇ ਪਿੰਡਾਂ ਦੇ ਬਹੁਤ ਸਾਰੇ ਲੋਕ ਬੰਦੀ ਬਣਾ ਲਏ ਗਏ ਸਨ ਅਤੇ ਜਦੋਂ ਜੰਗ ਬੰਦ ਹੋਈ ਸੀ ਤਾਂ ਦੋਵਾਂ ਮੁਲਕਾਂ ਨੇ ਸਹਿਮਤੀ ਨਾਲ ਅਵਾਮ ਨੂੰ ਵਾਪਸ ਕੀਤਾ ਸੀ।
ਜਿਸ ਨੂੰ ਵੇਖਦੇ ਹੋਏ ਉਹ ਹਰ ਵੇਲੇ ਚੌਕਸ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਿੰਡ ਖਾਲੀ ਕਰਨ ਲਈ ਨਹੀਂ ਕਿਹਾ ਗਿਆ ਪਰ ਫਿਰ ਵੀ ਉਹ ਆਪਣੇ ਪੁਰਾਣੇ ਤਜਰਬੇ ਦੇ ਨਾਲ ਆਪਣਾ ਸਮਾਨ ਦੂਜੀ ਥਾਂ ‘ਤੇ ਭੇਜ ਰਹੇ ਹਨ।